ਅੰਮ੍ਰਿਤਸਰ :- ਅੰਮ੍ਰਿਤਸਰ ਤੋਂ ਯੂਕੇ ਦੇ ਬਰਮਿੰਘਮ ਲਈ ਉਡਾਣ ਭਰ ਰਹੀ ਏਅਰ ਇੰਡੀਆ ਦੀ ਫਲਾਈਟ AI117 ਵਿਚ ਸ਼ੁੱਕਰਵਾਰ ਨੂੰ ਵੱਡੀ ਤਕਨੀਕੀ ਖਰਾਬੀ ਆ ਗਈ। ਫਾਈਨਲ ਅਪ੍ਰੋਚ ਦੇ ਦੌਰਾਨ ਜਹਾਜ਼ ਦੀ ਬਿਜਲੀ ਸਪਲਾਈ ਅਚਾਨਕ ਫੇਲ੍ਹ ਹੋ ਗਈ, ਜਿਸ ਕਾਰਨ ਕੁਝ ਸਮੇਂ ਲਈ ਯਾਤਰੀਆਂ ਅਤੇ ਕ੍ਰੂ ਮੈਂਬਰਾਂ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ।
ਪਾਇਲਟਾਂ ਦੀ ਚੌਕਸੀ ਨਾਲ ਸਰਗਰਮ ਹੋਇਆ RAT ਸਿਸਟਮ
ਖਤਰੇ ਦੀ ਸਥਿਤੀ ਦੇ ਬਾਵਜੂਦ ਪਾਇਲਟਾਂ ਨੇ ਤੁਰੰਤ ਚੌਕਸੀ ਦਿਖਾਉਂਦੇ ਹੋਏ ਜਹਾਜ਼ ਦੇ ਰੈਮ ਏਅਰ ਟਰਬਾਈਨ (RAT) ਸਿਸਟਮ ਨੂੰ ਚਾਲੂ ਕਰ ਦਿੱਤਾ। ਇਹ ਇੱਕ ਐਮਰਜੈਂਸੀ ਪਾਵਰ ਡਿਵਾਈਸ ਹੈ, ਜੋ ਜਹਾਜ਼ ਦੇ ਸਾਰੇ ਬਿਜਲੀ ਸਿਸਟਮਾਂ ਨੂੰ ਤੁਰੰਤ ਚਲਾਉਣ ਵਿੱਚ ਮਦਦ ਕਰਦੀ ਹੈ, ਖ਼ਾਸਕਰ ਉਸ ਵੇਲੇ ਜਦੋਂ ਮੁੱਖ ਇੰਜਣ ਅਤੇ ਸਹਾਇਕ ਪਾਵਰ ਯੂਨਿਟ (APU) ਕੰਮ ਕਰਨਾ ਬੰਦ ਕਰ ਦਿੰਦੇ ਹਨ।
ਖਰਾਬੀ ਦੇ ਬਾਵਜੂਦ ਸੁਰੱਖਿਅਤ ਲੈਂਡਿੰਗ
RAT ਸਿਸਟਮ ਦੇ ਚਾਲੂ ਹੋਣ ਨਾਲ ਜਹਾਜ਼ ਦੇ ਹਾਈਡ੍ਰੌਲਿਕ ਅਤੇ ਇਲੈਕਟ੍ਰੀਕਲ ਸਿਸਟਮ ਮੁੜ ਚਲਣ ਲੱਗੇ ਅਤੇ ਜਹਾਜ਼ ਨੂੰ ਸੁਰੱਖਿਅਤ ਤਰੀਕੇ ਨਾਲ ਉਤਾਰਿਆ ਗਿਆ। ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਪਰ ਘਟਨਾ ਤੋਂ ਬਾਅਦ ਯਾਤਰੀਆਂ ਅਤੇ ਕ੍ਰੂ ਨੂੰ ਵੱਡੀ ਰਾਹਤ ਮਿਲੀ।
ਅਗਲੀ ਉਡਾਣ ਰੱਦ, ਜਾਂਚ ਸ਼ੁਰੂ
ਏਅਰਲਾਈਨ ਵੱਲੋਂ ਜਾਰੀ ਬਿਆਨ ਮੁਤਾਬਕ, ਹਾਦਸੇ ਤੋਂ ਬਾਅਦ ਜਹਾਜ਼ ਦੀ ਤਕਨੀਕੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਸ ਕਾਰਨ ਬਰਮਿੰਘਮ ਤੋਂ ਨਵੀਂ ਦਿੱਲੀ ਲਈ ਤਹਿ ਕੀਤੀ ਅਗਲੀ ਉਡਾਣ ਰੱਦ ਕਰ ਦਿੱਤੀ ਗਈ। ਅਧਿਕਾਰਤ ਬਿਆਨ ਵਿੱਚ ਕਿਹਾ ਗਿਆ, “4 ਅਕਤੂਬਰ, 2025 ਨੂੰ ਅੰਮ੍ਰਿਤਸਰ ਤੋਂ ਬਰਮਿੰਘਮ ਲਈ ਉਡਾਣ AI117 ਵਿੱਚ ਫਾਈਨਲ ਅਪ੍ਰੋਚ ਦੌਰਾਨ ਰੈਮ ਏਅਰ ਟਰਬਾਈਨ (RAT) ਵਿੱਚ ਤਕਨੀਕੀ ਖਰਾਬੀ ਆਈ ਸੀ।”
ਵੱਡਾ ਹਾਦਸਾ ਟਲਿਆ, ਯਾਤਰੀ ਸੁਰੱਖਿਅਤ
ਅਧਿਕਾਰੀਆਂ ਨੇ ਕਿਹਾ ਕਿ ਖੁਸ਼ਕਿਸਮਤੀ ਨਾਲ ਪਾਇਲਟਾਂ ਦੀ ਸਿਆਣਪ ਕਾਰਨ ਵੱਡੇ ਹਾਦਸੇ ਤੋਂ ਬਚਾਉ ਹੋ ਗਿਆ। ਘਟਨਾ ਨੇ ਫਿਰ ਯਾਦ ਦਿਵਾਇਆ ਹੈ ਕਿ ਤਕਨੀਕੀ ਖਰਾਬੀ ਕਿਵੇਂ ਕਦੇ ਵੀ ਗੰਭੀਰ ਸਥਿਤੀ ਪੈਦਾ ਕਰ ਸਕਦੀ ਹੈ, ਪਰ ਐਮਰਜੈਂਸੀ ਪ੍ਰੋਟੋਕਾਲ ਦੇ ਕਾਰਗਰ ਸਾਬਤ ਹੋਣ ਨਾਲ ਸਭ ਯਾਤਰੀ ਸੁਰੱਖਿਅਤ ਹਨ।