ਨਸ਼ਾ ਛਡਾਓ ਕੇਂਦਰ ਵਿਚ ਚੱਲ ਰਹੇ ਯੋਗ ਕੈਂਪ ਦਾ ਨਿਰੀਖਣ
ਕਪੂਰਥਲਾ/ਚੰਦਰ ਸ਼ੇਖਰ ਕਾਲਿਆਂ: ਨਸ਼ਾ ਪੀੜਤ ਮਰੀਜ ਦੇ ਦਿਲ ਅਤੇ ਦਿਮਾਗ ਨੂੰ ਸਥਿਰ ਰੱਖਣ ਲਈ ਇਲਾਜ ਦੇ ਨਾਲ -ਨਾਲ ਯੋਗ ਵੀ ਜਰੂਰੀ ਹੈ। ਇਹ ਸ਼ਬਦ ਡਿਪਟੀ ਕਮਿਸ਼ਨਰ ਕਪੂਰਥਲਾ ਦੀਪਤੀ ਉੱਪਲ ਨੇ ਸਿਹਤ ਵਿਭਾਗ ਕਪੂਰਥਲਾ ਦੇ ਨਸ਼ਾ ਛਡਾਓ ਕੇਂਦਰ ਵਿਚ ਨਸ਼ਾ ਪੀੜਤਾਂ ਲਈ ਚੱਲ ਰਹੇ 5 ਦਿਨ੍ਹਾਂ ਯੋਗ ਕੈਂਪ ਦੇ ਸੰਬੰਧ ਵਿਚ ਕਹੇ।
ਉਨ੍ਹਾਂ ਵੱਲੋਂ ਅੱਜ ਸਿਵਲ ਹਸਪਤਾਲ ਕਪੂਰਥਲਾ ਵਿਖੇ ਚੱਲ ਰਹੇ ਨਸ਼ਾ ਛਡਾਓ ਕੇਂਦਰ ਦਾ ਦੌਰਾ ਕੀਤਾ ਗਿਆ ਅਤੇ ਨਸ਼ਾ ਪੀੜਤਾਂ ਨੂੰ ਮਿਲ ਰਹੀਆਂ ਸਿਹਤ ਸਹੂਲਤਾਂ ਦੀ ਜਾਣਕਾਰੀ ਲਈ ਗਈ। ਡਿਪਟੀ ਕਮਿਸ਼ਨਰ ਦੀਪਤੀ ਉੱਪਲ ਨੇ ਇਹ ਵੀ ਕਿਹਾ ਕਿ ਨਸ਼ਾ ਇੱਕ ਬੀਮਾਰੀ ਹੈ ਤੇ ਨਸ਼ਾ ਪੀੜਤ ਨਾਲ ਸਾਮਾਜਿਕ ਬਾਈਕਾਟ ਵਾਲਾ ਵਿਹਾਰ ਉਸ ਨੂੰ ਹੋਰ ਤੋੜ ਕੇ ਰੱਖ ਦਿੰਦਾ ਹੈ।
ਉਨ੍ਹਾਂ ਯੋਗ ਨੂੰ ਨਸ਼ਾ ਪੀੜਤਾਂ ਦੇ ਇਲਾਜ ਲਈ ਲਾਹੇਵੰਦ ਥੈਰੇਪੀ ਦੱਸਿਆ ਅਤੇ ਕਿਹਾ ਕਿ ਨਵਕਿਰਨ ਕੇਂਦਰ ਵਿਚ ਇਲਾਜ ਕਰਵਾ ਰਹੀਆਂ ਮਹਿਲਾਵਾਂ ਲਈ ਵੀ ਯੋਗ ਕਲਾਸਾਂ ਜਲਦ ਹੀ ਸ਼ੁਰੂ ਕੀਤੀਆਂ ਜਾਣਗੀਆਂ।
ਨਸ਼ਾ ਛਡਾਓ ਕੇਂਦਰ ਦੇ ਇੰਚਾਰਜ ਡਾ.ਸੰਦੀਪ ਭੋਲਾ ਨੇ ਦੱਸਿਆ ਕਿ ਬੀਤੇ ਦਿਨ੍ਹੀਂ ਮੁੱਖ ਮੰਤਰੀ ਪੰਜਾਬ ਸ.ਚਰਨਜੀਤ ਸਿੰਘ ਚੰਨੀ ਅਤੇ ਆਰਟ ਆਫ ਲਿਵਿੰਗ ਦੇ ਸੰਸਥਾਪਕ ਸ਼੍ਰੀ ਸ਼੍ਰੀ ਰਵੀ ਸ਼ੰਕਰ ਵਿਚਕਾਰ ਹੋਈ ਮੀਟਿੰਗ ਦੌਰਾਨ ਨਸ਼ਾ ਮੁਕਤ ਪੰਜਾਬ ਦੀ ਸਿਰਜਣਾ ਲਈ ਯੋਗ ਕੈਂਪ ਲਗਵਾਉਣ ਬਾਰੇ ਚਰਚਾ ਹੋਈ ਸੀ।ਜਿਸ ਦੇ ਤਹਿਤ ਨਸ਼ਾ ਛਡਾਓ ਕੇਂਦਰ ਕਪੂਰਥਲਾ ਨੂੰ ਪ੍ਰੋਜੈਕਟ ਦੇ ਤੌਰ ਤੇ ਚੁਣਿਆ ਗਿਆ ।
ਡਾ.ਭੋਲਾ ਨੇ ਦੱਸਿਆ ਕਿ ਉਕਤ 5 ਦਿਨ੍ਹਾਂ ਯੋਗ ਕੈਂਪ ਆਰਟ ਆਫ ਲਿਵਿੰਗ ਦੇ ਸਹਿਯੋਗ ਨਾਲ ਹੀ ਲਗਾਇਆ ਗਿਆ ਹੈ ।ਉਨ੍ਹਾਂ ਦੱਸਿਆ ਕਿ ਭਵਿੱਖ ਵਿਚ ਵੀ ਅਜਿਹੀਆਂ ਗਤੀਵਿਧੀਆਂ ਜਾਰੀ ਰਹਿਣਗੀਆਂ। ਇਸ ਮੌਕੇ ਤੇ ਜਿਲਾ ਸਿਹਤ ਅਫਸਰ ਡਾ.ਕੁਲਜੀਤ ਸਿੰਘ, ਜਿਲਾ ਪਰਿਵਾਰ ਭਲਾਈ ਅਫਸਰ ਡਾ. ਅਸ਼ੋਕ ਕੁਮਾਰ, ਸੀਨੀਅਰ ਮੈਡੀਕਲ ਅਫਸਰ ਡਾ.ਸੰਦੀਪ ਧਵਨ,ਡਾ.ਸ਼ਾਇਨੀ. ਕਾਊਂਸਲਰ ਸ਼ਮਿੰਦਰ ਢਿਲੋਂ, ਸੁਪਰੀਟੈਂਡੈਂਟ ਰਾਮ ਅਵਤਾਰ, ਡਿਪਟੀ ਮਾਸ ਮੀਡੀਆ ਅਫਸਰ ਸ਼ਰਨਦੀਪ ਸਿੰਘ, ਬੀ.ਈ.ਈ.ਰਵਿੰਦਰ ਜੱਸਲ ਤੇ ਹੋਰ ਹਾਜਰ ਸਨ।