ਫਿਰੋਜ਼ਪੁਰ :- ਜ਼ਿਲ੍ਹੇ ਵਿੱਚ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਕਲਯੁਗੀ ਪਿਤਾ ਨੇ ਆਪਣੀ ਹੀ 17 ਸਾਲਾ ਧੀ ਨੂੰ ਬੇਰਹਿਮੀ ਨਾਲ ਮੌਤ ਵੱਲ ਧੱਕ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਪਿਤਾ ਨੂੰ ਧੀ ਦੇ ਚਰਿੱਤਰ ‘ਤੇ ਸ਼ੱਕ ਸੀ। ਇਸ ਸਬੰਧੀ ਥਾਣਾ ਸਿਟੀ ਫਿਰੋਜ਼ਪੁਰ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ।
ਰਿਸ਼ਤੇਦਾਰੀ ਦੇ ਬਹਾਨੇ ਲੈ ਗਿਆ ਮੋਗਾ ਰੋਡ
ਸ਼ਿਕਾਇਤਕਰਤਾ ਸਾਹਿਲ ਚੌਹਾਨ ਸਤੀਏਵਾਲਾ, ਜੋ ਪੀੜਿਤਾ ਦਾ ਮਾਮੇਰੇ ਭਰਾ ਹੈ, ਨੇ ਪੁਲਿਸ ਨੂੰ ਦੱਸਿਆ ਕਿ ਉਸਦਾ ਮਾਮਾ ਸੁਰਜੀਤ ਸਿੰਘ, ਜੋ ਹਾਊਸਿੰਗ ਬੋਰਡ ਕਾਲੋਨੀ ਦਾ ਰਹਿਣ ਵਾਲਾ ਹੈ, ਆਪਣੀ ਧੀ ਦੇ ਚਰਿੱਤਰ ‘ਤੇ ਸ਼ੱਕ ਕਰਦਾ ਸੀ ਅਤੇ ਅਕਸਰ ਉਸਦੀ ਕੁੱਟਮਾਰ ਕਰਦਾ ਸੀ।
ਸਾਹਿਲ ਦੇ ਅਨੁਸਾਰ, 30 ਸਤੰਬਰ ਦੀ ਦੇਰ ਸ਼ਾਮ ਸੁਰਜੀਤ ਸਿੰਘ ਰਿਸ਼ਤੇਦਾਰੀ ਦਾ ਬਹਾਨਾ ਬਣਾ ਕੇ ਧੀ ਨੂੰ ਮੋਟਰਸਾਈਕਲ ‘ਤੇ ਬਿਠਾ ਕੇ ਮੋਗਾ ਰੋਡ ਵੱਲ ਲੈ ਗਿਆ। ਸ਼ੱਕ ਹੋਣ ‘ਤੇ ਸਾਹਿਲ ਨੇ ਉਸਦਾ ਪਿੱਛਾ ਕੀਤਾ।
ਬਸਤੀ ਦੇ ਪੁਲ ਨੇੜੇ ਧੀ ਨੂੰ ਨਹਿਰ ਵਿੱਚ ਸੁੱਟਿਆ
ਜਦੋਂ ਸੁਰਜੀਤ ਸਿੰਘ ਬਸਤੀ ਦੇ ਪੁਲ ਨੇੜੇ ਪਹੁੰਚਿਆ ਤਾਂ ਉਸਨੇ ਆਪਣੀ ਧੀ ਦੇ ਹੱਥ ਪੈਰ ਬੰਨ੍ਹ ਕੇ ਉਸਨੂੰ ਨਹਿਰ ਵਿੱਚ ਸੁੱਟ ਦਿੱਤਾ ਅਤੇ ਖੁਦ ਮੌਕੇ ਤੋਂ ਫਰਾਰ ਹੋ ਗਿਆ। ਇਹ ਘਟਨਾ ਵੇਖ ਕੇ ਸ਼ਿਕਾਇਤਕਰਤਾ ਹੱਕਾ-ਬੱਕਾ ਰਹਿ ਗਿਆ।
ਪੁਲਿਸ ਨੇ ਕੀਤਾ ਮਾਮਲਾ ਦਰਜ
ਸ਼ਿਕਾਇਤ ਮਿਲਣ ਤੋਂ ਬਾਅਦ ਥਾਣਾ ਸਿਟੀ ਫਿਰੋਜ਼ਪੁਰ ਪੁਲਿਸ ਨੇ ਸੁਰਜੀਤ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਟੀਮ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਮੁਲਜ਼ਮ ਦੀ ਤਲਾਸ਼ ਜਾਰੀ ਹੈ।
ਇਹ ਘਟਨਾ ਸਥਾਨਕ ਲੋਕਾਂ ਵਿੱਚ ਚਰਚਾ ਦਾ ਵਿਸ਼ਾ ਬਣ ਗਈ ਹੈ। ਧੀ ਦੇ ਚਰਿੱਤਰ ‘ਤੇ ਸ਼ੱਕ ਕਰਕੇ ਕੀਤੀ ਗਈ ਇਹ ਕਾਰਵਾਈ ਨਾ ਸਿਰਫ਼ ਸਮਾਜਕ ਮੁੱਲਾਂ ‘ਤੇ ਸਵਾਲ ਖੜ੍ਹੇ ਕਰਦੀ ਹੈ, ਸਗੋਂ ਕਾਨੂੰਨੀ ਤੌਰ ‘ਤੇ ਵੀ ਗੰਭੀਰ ਅਪਰਾਧ ਹੈ।