ਸੈਮੀਫਾਈਨਲ ਵਿੱਚ ਆਰ.ਸੀ.ਐਫ. ਸਮੇਤ ਮੱਧ ਰੇਲਵੇ, ਉੱਤਰੀ ਰੇਲਵੇ ਅਤੇ ਉੱਤਰੀ ਮੱਧ ਰੇਲਵੇ ਦੀਆਂ ਟੀਮਾਂ ਪਹੁੰਚੀਆਂ
ਕਪੂਰਥਲਾ/ਚੰਦਰ ਸ਼ੇਖਰ ਕਾਲੀਆ: ਆਰ ਸੀ ਐਫ ਦੇ ਸਿੰਥੈਟਿਕ ਟਰਫ ਹਾਕੀ ਸਟੇਡੀਅਮ ਵਿੱਚ ਖੇਡੀ ਜਾ ਰਹੀ ਆਲ ਇੰਡੀਆ ਰੇਲਵੇ ਮਹਿਲਾ ਹਾਕੀ ਚੈਂਪੀਅਨਸ਼ਿਪ ਵਿੱਚ ਅੱਜ ਪੂਲ ਬੀ ਦਾ ਆਖਰੀ ਮੈਚ ਖੇਡਿਆ ਗਿਆ। ਇਸ ਮੈਚ ਵਿੱਚ ਉੱਤਰ ਪੂਰਬੀ ਰੇਲਵੇ ਗੋਰਖਪੁਰ ਅਤੇ ਪੂਰਬੀ ਮੱਧ ਰੇਲਵੇ ਹਾਜੀਪੁਰ ਵਿਚਕਾਰ ਮੈਚ 1-1 ਨਾਲ ਬਰਾਬਰ ਰਿਹਾ । ਉੱਤਰ ਪੂਰਬੀ ਰੇਲਵੇ ਦੀ ਸ਼ਿਵਾਨੀ। ਨੇ ਤੀਜੇ ਕੁਆਰਟਰ ਵਿੱਚ ਮੈਦਾਨੀ ਗੋਲ ਕਰਕੇ ਆਪਣੀ ਟੀਮ ਨੂੰ 1-0 ਦੀ ਬੜ੍ਹਤ ਦਿਵਾਈ।ਮੈਚ ਖਤਮ ਹੋਣ ਤੋਂ 3 ਮਿੰਟ ਪਹਿਲਾਂ ਹਾਜੀਪੁਰ ਟੀਮ ਦੀ ਨੁਸਰਤ ਖਾਤੂਨ ਨੇ ਮੈਦਾਨੀ ਗੋਲ ਕਰਕੇ ਸਕੋਰ ਨੂੰ ਬਰਾਬਰ ਕਰ ਦਿੱਤਾ ਜੋ ਫੈਸਲਾਕੁੰਨ ਸਾਬਤ ਹੋਇਆ।ਉੱਤਰ ਪੂਰਬੀ ਰੇਲਵੇ ਦੀ ਗੋਲਕੀਪਰ ਅਤੇ ਕਪਤਾਨ ਸਵਾਤੀ ਨੂੰ ਇਸ ਚੈਂਪੀਅਨਸ਼ਿਪ ਦੇ ਸਪਾਂਸਰ ਅਲਫ਼ਾ ਹਾਕੀ ਦੁਆਰਾ ਪਲੇਅਰ ਆਫ਼ ਦਾ ਮੈਚ ਦਾ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ।
ਅੱਜ ਦਾ ਮੈਚ ਦੇਖਣ ਲਈ ਆਰ ਸੀ ਐਫ ਖੇਡ ਸੰਘ ਦੇ ਆਹੁਦੇਦਾਰ ਅਤੇ ਵੱਡੀ ਗਿਣਤੀ ਵਿੱਚ ਖੇਡ ਪ੍ਰੇਮੀ ਹਾਜ਼ਰ ਸਨ।
ਅੱਜ ਦੇ ਮੈਚ ਤੋਂ ਚੈਂਪੀਅਨਸ਼ਿਪ ਦਾ ਪੂਲ ਪੜਾਅ ਸਮਾਪਤ ਹੋ ਗਿਆ ਹੈ ਅਤੇ ਭਲਕੇ ਤੋਂ ਸੈਮੀਫਾਈਨਲ ਮੈਚ ਖੇਡੇ ਜਾਣਗੇ।ਪੂਲ ਏ ਵਿੱਚ ਮੱਧ ਰੇਲਵੇ ਮੁੰਬਈ ਦੀ ਟੀਮ ਪਹਿਲੇ ਸਥਾਨ ’ਤੇ ਰਹੀ ਜਦੋਂਕਿ ਉੱਤਰੀ ਮੱਧ ਰੇਲਵੇ ਪ੍ਰਯਾਗ ਦੀ ਟੀਮ ਦੂਜੇ ਸਥਾਨ ’ਤੇ ਰਹੀ।ਪੂਲ ਬੀ ਵਿਚ ਉੱਤਰੀ ਰੇਲਵੇ ਨਵੀਂ ਦਿੱਲੀ ਦੀ ਟੀਮ ਨੇ ਪਹਿਲਾ ਅਤੇ ਮੇਜ਼ਬਾਨ ਰੇਲ ਕੋਚ ਫੈਕਟਰੀ ਕਪੂਰਥਲਾ ਦੀ ਟੀਮ ਨੇ ਦੂਸਰਾ ਸਥਾਨ ਹਾਸਲ ਕੀਤਾ।
ਪਹਿਲੇ ਮੈਚ ਵਿੱਚ ਪਿਛਲੀ ਉਪ ਜੇਤੂ ਉੱਤਰੀ ਰੇਲਵੇ ਨਵੀਂ ਦਿੱਲੀ ਦਾ ਮੁਕਾਬਲਾ ਉੱਤਰੀ ਮੱਧ ਰੇਲਵੇ ਗੋਰਖਪੁਰ ਨਾਲ ਦੁਪਹਿਰ 1:00 ਵਜੇ ਹੋਵੇਗਾ।ਦੂਜਾ ਸੈਮੀਫਾਈਨਲ ਮੈਚ ਪਿਛਲੀ ਚੈਂਪੀਅਨ ਮੱਧ ਰੇਲਵੇ ਮੁੰਬਈ ਅਤੇ ਪਿਛਲੀ ਚੈਂਪੀਅਨਸ਼ਿਪ ਵਿਚ ਕਾਂਸੀ ਦਾ ਤਗਮਾ ਜੇਤੂ ਰੇਲ ਕੋਚ ਫੈਕਟਰੀ ਕਪੂਰਥਲਾ ਵਿਚਕਾਰ ਦੁਪਹਿਰ 3:00 ਵਜੇ ਹੋਵੇਗਾ।
ਫਾਈਨਲ ਮੈਚ ਤੋਂ ਬਾਅਦ ਇਨਾਮ ਵੰਡ ਸਮਾਰੋਹ ਹੋਵੇਗਾ ਜਿਸ ਵਿੱਚ ਸ੍ਰੀ ਅਸ਼ੇਸ਼ ਅਗਰਵਾਲ, ਜਨਰਲ ਮੈਨੇਜਰ, ਆਰ.ਸੀ.ਐਫ. ਖਿਡਾਰੀਆਂ ਨੂੰ ਇਨਾਮਾਂ ਦੀ ਵੰਡ ਕਰਨਗੇ।