ਚੰਡੀਗੜ੍ਹ :- ਚੰਡੀਗੜ੍ਹ ਨਗਰ ਨਿਗਮ ਦੀ ਹਾਊਸ ਮੀਟਿੰਗ ਮੰਗਲਵਾਰ ਨੂੰ ਹੰਗਾਮੇ ਦੀ ਭੇਟ ਚੜ੍ਹ ਗਈ। ਕਾਂਗਰਸੀ ਅਤੇ ਭਾਜਪਾ ਕੌਂਸਲਰਾਂ ਵਿਚਕਾਰ ਤੀਖ਼ੀ ਬਹਿਸਬਾਜ਼ੀ ਨੇ ਮਾਹੌਲ ਗਰਮ ਕਰ ਦਿੱਤਾ।
ਮੇਅਰ ਦੇ ਵਿਦੇਸ਼ ਦੌਰੇ ‘ਤੇ ਵਿਰੋਧ
ਕਾਂਗਰਸ ਦੇ ਕੌਂਸਲਰਾਂ ਨੇ ਭਾਜਪਾ ਦੀ ਮੇਅਰ ਹਰਪ੍ਰੀਤ ਕੌਰ ਬਬਲਾ ਦੇ ਹਾਲੀਆ ਵਿਦੇਸ਼ ਦੌਰੇ ਨੂੰ ਲੈ ਕੇ ਸਵਾਲ ਉਠਾਏ। ਉਨ੍ਹਾਂ ਨੇ ਦੋਸ਼ ਲਾਇਆ ਕਿ ਮੇਅਰ ਦੇ ਦੌਰੇ ‘ਤੇ ਬੇਜਾ ਖਰਚ ਕੀਤਾ ਗਿਆ ਅਤੇ ਇਸ ਸੰਬੰਧੀ ਹਾਊਸ ਵਿਚ ਕੋਈ ਸਪੱਸ਼ਟੀਕਰਨ ਨਹੀਂ ਦਿੱਤਾ ਗਿਆ।
ਆਪ ਅਤੇ ਕਾਂਗਰਸ ਦੇ ਕੌਂਸਲਰਾਂ ਨੇ ਪਿਛਲੀ ਹਾਊਸ ਮੀਟਿੰਗ ਦੇ ਮਿੰਟਸ ‘ਤੇ ਐਤਰਾਜ਼ ਜਤਾਉਂਦੇ ਹੋਏ ਦੋਸ਼ ਲਗਾਇਆ ਕਿ ਇਹ ਮਨਮਰਜ਼ੀ ਨਾਲ ਤਿਆਰ ਕੀਤੇ ਗਏ ਹਨ। ਵਿਰੋਧ ਦੌਰਾਨ ਉਨ੍ਹਾਂ ਨੇ ਇਹ ਮਿੰਟਸ ਫਾੜ੍ਹ ਦਿੱਤੇ। ਹਾਲਾਤ ਕਾਬੂ ਤੋਂ ਬਾਹਰ ਹੁੰਦੇ ਦੇਖ ਕੇ ਨਿਗਮ ਅਧਿਕਾਰੀਆਂ ਨੇ ਮਾਰਸ਼ਲ ਬੁਲਾ ਕੇ ਆਪ ਅਤੇ ਕਾਂਗਰਸ ਦੇ ਕੌਂਸਲਰਾਂ ਨੂੰ ਹਾਲ ਤੋਂ ਬਾਹਰ ਕਰਵਾ ਦਿੱਤਾ।
ਕੌਂਸਲਰਾਂ ਨੇ ਲਾਇਆ ਬਿਨਾਂ ਕਾਰਨ ਬਾਹਰ ਕੱਢਣ ਦਾ ਦੋਸ਼
ਬਾਹਰ ਕੱਢੇ ਗਏ ਕੌਂਸਲਰਾਂ ਦਾ ਕਹਿਣਾ ਸੀ ਕਿ ਉਨ੍ਹਾਂ ਦੀ ਗੱਲ ਸੁਣਨ ਦੀ ਬਜਾਏ ਉਨ੍ਹਾਂ ਨੂੰ ਬਿਨਾਂ ਕਾਰਨ ਹਾਲ ਤੋਂ ਕੱਢਿਆ ਗਿਆ ਹੈ। ਉਨ੍ਹਾਂ ਨੇ ਇਸਨੂੰ ਲੋਕਤੰਤਰ ਦੀ ਅਣਦੇਖੀ ਕਰਾਰ ਦਿੱਤਾ।
ਕਾਰਵਾਈ ਕੁਝ ਸਮੇਂ ਲਈ ਰੁਕੀ
ਹੰਗਾਮੇ ਕਾਰਨ ਨਗਰ ਨਿਗਮ ਦੀ ਕਾਰਵਾਈ ਲਗਭਗ 10 ਮਿੰਟਾਂ ਲਈ ਰੋਕਣੀ ਪਈ। ਬਾਅਦ ਵਿਚ ਹਾਲਾਤ ਕਾਬੂ ਵਿਚ ਆਉਣ ‘ਤੇ ਮੀਟਿੰਗ ਮੁੜ ਸ਼ੁਰੂ ਕੀਤੀ ਗਈ।