ਚੰਡੀਗੜ੍ਹ :- ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਉਹ ਆਪਣੇ ਪੁੱਤਰ ਦੇ ਅਧੂਰੇ ਸੁਪਨਿਆਂ ਨੂੰ ਪੂਰਾ ਕਰਨ ਲਈ ਸੰਕਲਪਬੱਧ ਹਨ। ਕਾਂਗਰਸ ਦੁਆਰਾ ਚਲਾਏ ਜਾ ਰਹੇ ਸੰਗਠਨ ਸਿਰਜਣ ਅਭਿਆਨ ਤਹਿਤ ਮਾਨਸਾ ਵਿਖੇ ਕਾਂਗਰਸੀ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਉਹ ਕਹਿੰਦੇ ਨਜ਼ਰ ਆਏ,
“ਮੇਰੇ ਪੁੱਤਰ ਦਾ ਸੁਪਨਾ ਵਿਧਾਨ ਸਭਾ ਦੀਆਂ ਪੌੜੀਆਂ ਚੜ੍ਹਨਾ ਸੀ। ਮੈਂ ਇਹ ਸੁਪਨਾ ਜ਼ਰੂਰ ਪੂਰਾ ਕਰਾਂਗਾ ਅਤੇ ਆਪਣੇ ਪੁੱਤ ਦੀ ਫੋਟੋ ਜੇਬ੍ਹ ‘ਤੇ ਲਗਾ ਕੇ ਵਿਧਾਨ ਸਭਾ ਦੀਆਂ ਪੌੜੀਆਂ ਚੜਾਂਗਾ।”
ਲੀਡਰਾਂ ਦੇ ਸ਼ਕਤੀ ਪ੍ਰਦਰਸ਼ਨ ‘ਤੇ ਕਸੀ ਤਿੱਖੀ ਟਿੱਪਣੀ
ਬਲਕੌਰ ਸਿੰਘ ਨੇ ਕੁਝ ਕਾਂਗਰਸੀ ਆਗੂਆਂ ‘ਤੇ ਨਾਰਾਜ਼ਗੀ ਜ਼ਾਹਿਰ ਕਰਦੇ ਕਿਹਾ ਕਿ ਅੱਜ ਕੁਝ ਲੀਡਰ ਆਪਣੇ ਆਪ ਨੂੰ ਵੱਡਾ ਦਿਖਾਉਣ ਲਈ ਸ਼ਕਤੀ ਪ੍ਰਦਰਸ਼ਨ ਕਰ ਰਹੇ ਹਨ, ਜਦਕਿ ਰਾਹੁਲ ਗਾਂਧੀ ਦੀ ਟੀਮ ਕਾਬਿਲ ਅਤੇ ਪੜ੍ਹੇ-ਲਿਖੇ ਵਿਅਕਤੀਆਂ ਨੂੰ ਜ਼ਿਲ੍ਹਾ ਪ੍ਰਧਾਨ ਬਣਾਉਣ ਲਈ ਅਭਿਆਨ ਚਲਾ ਰਹੀ ਹੈ।
ਲੋਕਾਂ ਦੇ ਸਾਥ ਲਈ ਜਤਾਈ ਕ੍ਰਿਤੱਗਤਾ
ਉਨ੍ਹਾਂ ਕਿਹਾ ਕਿ, “ਮੇਰੇ ਪੁੱਤ ਦੇ ਇਸ ਦੁਨੀਆਂ ਤੋਂ ਚਲੇ ਜਾਣ ਦੇ ਬਾਵਜੂਦ ਲੋਕਾਂ ਨੇ ਮੇਰਾ ਸਾਥ ਨਹੀਂ ਛੱਡਿਆ ਅਤੇ ਅੱਜ ਵੀ ਮੇਰੇ ਨਾਲ ਖੜੇ ਹਨ। ਮੈਂ ਲੋਕਾਂ ਦੇ ਭਰੋਸੇ ਨੂੰ ਕਾਇਮ ਰੱਖਾਂਗਾ। ਅਸੀਂ ਚੋਣ ਲੜਾਂਗੇ ਵੀ ਤੇ ਜਿੱਤਾਂਗੇ ਵੀ।”
ਮੂਸੇਵਾਲਾ ਹੱਤਿਆਕਾਂਡ ਦਾ ਜ਼ਿਕਰ
ਯਾਦ ਰਹੇ ਕਿ ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ 29 ਮਈ 2022 ਨੂੰ ਮਾਨਸਾ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਇਸ ਹੱਤਿਆਕਾਂਡ ਦੀ ਜ਼ਿੰਮੇਵਾਰੀ ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਗੈਂਗ ਨੇ ਲਈ ਸੀ। ਮਾਮਲੇ ਵਿੱਚ 30 ਤੋਂ ਵੱਧ ਮੁਲਜ਼ਮ ਸ਼ਾਮਲ ਹਨ ਅਤੇ ਮੁਕੱਦਮਾ ਅਜੇ ਵੀ ਮਾਨਸਾ ਦੀ ਅਦਾਲਤ ਵਿੱਚ ਚੱਲ ਰਿਹਾ ਹੈ। ਬਲਕੌਰ ਸਿੰਘ ਕਹਿੰਦੇ ਹਨ ਕਿ ਉਨ੍ਹਾਂ ਨੂੰ ਆਪਣੇ ਪੁੱਤਰ ਦੇ ਕਾਤਲਾਂ ਨੂੰ ਸਜ਼ਾ ਮਿਲਣ ਤੋਂ ਬਾਅਦ ਹੀ ਸੱਚੀ ਸ਼ਾਂਤੀ ਮਿਲੇਗੀ।
ਨੋਟ :- ਅਸੀਂ ਇਸ ਖ਼ਬਰ ਦੀ ਪੂਰੀ ਤਰ੍ਹਾਂ ਪੁਸ਼ਟੀ ਨਹੀਂ ਕਰਦੇ