ਨਵੀਂ ਦਿੱਲੀ :- ਅਮਰੀਕਾ ਦੇ ਨੌਰਥ ਕੈਰੋਲੀਨਾ ਰਾਜ ਦੇ ਸਾਊਥਪੋਰਟ ਇਲਾਕੇ ਵਿੱਚ ਸ਼ਨੀਵਾਰ ਰਾਤ ਦੌਰਾਨ ਹੋਈ ਗੋਲੀਬਾਰੀ ਨੇ ਪੂਰੇ ਇਲਾਕੇ ਨੂੰ ਹਿਲਾ ਦਿੱਤਾ। ਪ੍ਰਸਿੱਧ ਅਮਰੀਕਨ ਫਿਸ਼ ਕੰਪਨੀ ਰੈਸਟੋਰੈਂਟ ਦੇ ਬਾਹਰ ਲਾਈਵ ਸੰਗੀਤ ਚੱਲ ਰਿਹਾ ਸੀ, ਜਦੋਂ ਅਚਾਨਕ ਇੱਕ ਕਿਸ਼ਤੀ ਰੈਸਟੋਰੈਂਟ ਦੇ ਨੇੜੇ ਆ ਕੇ ਰੁਕੀ ਅਤੇ ਇੱਕ ਅਣਪਛਾਤੇ ਹਮਲਾਵਰ ਨੇ ਭੀੜ ‘ਤੇ ਅੰਨ੍ਹਾਧੁੰਨ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਹਮਲੇ ਵਿੱਚ ਤਿੰਨ ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਤੇ ਲਗਭਗ ਅੱਠ ਹੋਰ ਜ਼ਖਮੀ ਹੋ ਗਏ।
10 ਵਜੇ ਵਾਪਰੀ ਘਟਨਾ, ਹਮਲਾਵਰ ਕਿਸ਼ਤੀ ਸਮੇਤ ਫਰਾਰ
ਸਿਟੀ ਮੈਨੇਜਰ ਨੂਹ ਸਾਲਡੋ ਨੇ ਦੱਸਿਆ ਕਿ ਸ਼ਨੀਵਾਰ ਰਾਤ ਕਰੀਬ 10 ਵਜੇ ਇਹ ਘਟਨਾ ਵਾਪਰੀ। ਹਮਲਾਵਰ ਕਿਸ਼ਤੀ ਤੋਂ ਗੋਲੀਬਾਰੀ ਕਰਨ ਤੋਂ ਬਾਅਦ ਤੇਜ਼ੀ ਨਾਲ ਭੱਜ ਗਿਆ। ਹਾਲਾਂਕਿ ਪੁਲਿਸ ਨੇ ਰਾਤ ਭਰ ਇਲਾਕੇ ਨੂੰ ਘੇਰਿਆਂ ਰੱਖਿਆ ਪਰ ਹੁਣ ਤੱਕ ਕਿਸੇ ਵੀ ਸ਼ੱਕੀ ਦੀ ਗ੍ਰਿਫਤਾਰੀ ਨਹੀਂ ਹੋਈ।
ਪੁਲਿਸ ਨੇ ਜਾਰੀ ਕੀਤਾ ਸਰਗਰਮ ਸ਼ੂਟਰ ਅਲਰਟ
ਗੋਲੀਬਾਰੀ ਤੋਂ ਬਾਅਦ ਪੁਲਿਸ ਨੇ ਸਾਊਥਪੋਰਟ ਸ਼ਹਿਰ ਵਿੱਚ “ਸਰਗਰਮ ਸ਼ੂਟਰ ਅਲਰਟ” ਜਾਰੀ ਕਰ ਦਿੱਤਾ ਅਤੇ ਨਿਵਾਸੀਆਂ ਨੂੰ ਘਰਾਂ ਵਿੱਚ ਰਹਿਣ ਅਤੇ ਕਿਸੇ ਵੀ ਸ਼ੱਕੀ ਹਲਚਲ ਬਾਰੇ ਤੁਰੰਤ 911 ‘ਤੇ ਜਾਣਕਾਰੀ ਦੇਣ ਦੀ ਅਪੀਲ ਕੀਤੀ। ਬਰੰਸਵਿਕ ਕਾਊਂਟੀ ਸ਼ੈਰਿਫ਼ ਦਫਤਰ ਸਾਊਥਪੋਰਟ ਪੁਲਿਸ ਦੇ ਸਹਿਯੋਗ ਨਾਲ ਹਮਲਾਵਰ ਦੀ ਤਲਾਸ਼ ਕਰ ਰਿਹਾ ਹੈ।
ਭਗਦੜ ਵਿੱਚ ਲੋਕ ਜਾਨ ਬਚਾਉਣ ਲਈ ਦੌੜੇ
ਹਮਲੇ ਦੇ ਸਮੇਂ ਰੈਸਟੋਰੈਂਟ ਵਿੱਚ ਮਸ਼ਹੂਰ “ਬੇਕਨ ਗ੍ਰੀਸ” ਬੈਂਡ ਦਾ ਪ੍ਰੋਗ੍ਰਾਮ ਚੱਲ ਰਿਹਾ ਸੀ। ਭੀੜ ਭਰੇ ਰੈਸਟੋਰੈਂਟ ਵਿੱਚ ਗੋਲੀਬਾਰੀ ਸ਼ੁਰੂ ਹੁੰਦੀ ਹੀ ਲੋਕ ਦਹਿਸ਼ਤ ਵਿੱਚ ਆ ਗਏ ਤੇ ਆਪਣੀ ਜਾਨ ਬਚਾਉਣ ਲਈ ਇਧਰ-ਉਧਰ ਭੱਜ ਪਏ। ਘਟਨਾ ਤੋਂ ਬਾਅਦ ਸਾਰੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਹੈ ਤੇ ਹਮਲਾਵਰ ਦੀ ਕਿਸ਼ਤੀ ਨੂੰ ਲੱਭਣ ਲਈ ਪਾਣੀਆਂ ਵਿੱਚ ਭਾਲ ਜਾਰੀ ਹੈ।
ਹਮਲੇ ਦਾ ਮਕਸਦ ਅਜੇ ਤੱਕ ਅਣਜਾਣ
ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਹਮਲਾਵਰ ਦੀ ਪਛਾਣ ਤੇ ਹਮਲੇ ਦੇ ਮਕਸਦ ਬਾਰੇ ਅਜੇ ਕੁਝ ਨਹੀਂ ਕਿਹਾ ਜਾ ਸਕਦਾ। ਜਾਂਚ ਲਈ ਸੀਸੀਟੀਵੀ ਫੁਟੇਜ ਤੇ ਚਸ਼ਮਦੀਦਾਂ ਦੇ ਬਿਆਨ ਇਕੱਠੇ ਕੀਤੇ ਜਾ ਰਹੇ ਹਨ। ਸਥਾਨਕ ਨਿਵਾਸੀਆਂ ਨੇ ਇਸ ਘਟਨਾ ‘ਤੇ ਹੈਰਾਨੀ ਤੇ ਗੁੱਸਾ ਜ਼ਾਹਿਰ ਕੀਤਾ ਹੈ। ਇਕ ਚਸ਼ਮਦੀਦ ਨੇ ਕਿਹਾ, “ਅਸੀਂ ਕਦੇ ਸੋਚਿਆ ਵੀ ਨਹੀਂ ਸੀ ਕਿ ਸਾਡੇ ਸ਼ਾਂਤਮਈ ਇਲਾਕੇ ਵਿੱਚ ਅਜਿਹਾ ਹੋ ਸਕਦਾ ਹੈ। ਲੋਕ ਅਜੇ ਵੀ ਸਦਮੇ ਵਿੱਚ ਹਨ।”
ਅਧਿਕਾਰੀਆਂ ਵੱਲੋਂ ਸੰਵੇਦਨਾ ਜਤਾਈ
ਬਰੰਸਵਿਕ ਕਾਊਂਟੀ ਸ਼ੈਰਿਫ਼ ਦਫਤਰ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਉਹ ਪੀੜਤ ਪਰਿਵਾਰਾਂ ਦੇ ਨਾਲ ਖੜ੍ਹੇ ਹਨ ਅਤੇ ਇਸ ਮੁਸ਼ਕਲ ਸਮੇਂ ਦੌਰਾਨ ਰਾਹਤ ਅਤੇ ਬਚਾਅ ਟੀਮਾਂ ਦੀ ਹਿੰਮਤ ਦੀ ਸ਼ਲਾਘਾ ਕਰਦੇ ਹਨ।