ਨਵੀਂ ਦਿੱਲੀ :- ਦਿੱਲੀ ਦੇ ਇੱਕ ਨਿੱਜੀ ਮੈਨੇਜਮੈਂਟ ਸੰਸਥਾਨ ਵਿੱਚ ਵਿਦਿਆਰਥਣਾਂ ਨਾਲ ਜਿਨਸੀ ਸ਼ੋਸ਼ਣ ਦੇ ਦੋਸ਼ੀ ਸਵਾਮੀ ਚੈਤਨਿਆਨੰਦ ਸਰਸਵਤੀ (62) ਨੂੰ ਪੁਲਸ ਨੇ ਆਗਰਾ ਵਿੱਚ ਗ੍ਰਿਫ਼ਤਾਰ ਕਰ ਲਿਆ। ਪੁਲਸ ਮੁਤਾਬਕ, ਚੈਤਨਿਆਨੰਦ ਕਈ ਦਿਨਾਂ ਤੋਂ ਆਗਰਾ ਵਿੱਚ ਲੁਕਿਆ ਹੋਇਆ ਸੀ। ਗ੍ਰਿਫ਼ਤਾਰੀ ਰਾਤ ਲਗਭਗ 3:30 ਵਜੇ ਇੱਕ ਹੋਟਲ ਤੋਂ ਕੀਤੀ ਗਈ। ਇਸ ਸਮੇਂ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਉਸ ਦੀ ਡਾਕਟਰੀ ਜਾਂਚ ਵੀ ਕੀਤੀ ਜਾ ਰਹੀ ਹੈ।
ਮਾਰਚ 2025 ਵਿੱਚ ਦਰਜ ਕੀਤੀ ਸ਼ਿਕਾਇਤ
ਆਰਥਿਕ ਤੌਰ ‘ਤੇ ਕਮਜ਼ੋਰ ਵਰਗ (EWS) ਕੋਟੇ ਦੀ ਇੱਕ ਵਿਦਿਆਰਥਣ ਨੇ ਮਾਰਚ 2025 ਵਿੱਚ ਚੈਤਨਿਆਨੰਦ ਵਿਰੁੱਧ ਸ਼ਿਕਾਇਤ ਦਰਜ ਕਰਵਾਈ ਸੀ। ਉਸ ਸ਼ਿਕਾਇਤ ਵਿੱਚ ਦੋਸ਼ ਲਗਾਇਆ ਗਿਆ ਕਿ ਚੈਤਨਿਆਨੰਦ ਨੇ ₹60,000 ਦਾਨ ਕਰਨ ਦੇ ਬਾਵਜੂਦ ਵਾਧੂ ਰਕਮ ਮੰਗੀ। ਸੰਸਥਾ ਦੇ ਪ੍ਰਧਾਨ ਰਹਿ ਚੁੱਕੇ ਚੈਤਨਿਆਨੰਦ ਨੇ ਆਪਣੇ ਅਧੀਨ ਲੋਕਾਂ ਦਾ ਨੈੱਟਵਰਕ ਬਣਾਇਆ ਅਤੇ ਉਹਨਾਂ ਨੂੰ ਅਹੁਦੇ ਦਿੱਤੇ ਜਿਨ੍ਹਾਂ ਲਈ ਉਹ ਯੋਗ ਨਹੀਂ ਸਨ।
ਚੈਤਨਿਆਨੰਦ ਨੇ ਵਿਦਿਆਰਥਣ ਨੂੰ ਚੋਣ ਦਿੱਤੀ ਕਿ ਜਾਂ ਤਾਂ ਵਾਧੂ ਰਕਮ ਭਰੋ, ਇੱਕ ਸਾਲ ਬਿਨਾਂ ਤਨਖਾਹ ਕੰਮ ਕਰੋ ਜਾਂ ਕਾਲਜ ਛੱਡੋ। 30 ਤੋਂ ਵੱਧ ਵਿਦਿਆਰਥਣਾਂ ਨੇ ਇੱਕ ਵਰਚੁਅਲ ਮੀਟਿੰਗ ਵਿੱਚ ਜਿਨਸੀ ਸ਼ੋਸ਼ਣ, ਛੇੜਛਾੜ ਅਤੇ ਧਮਕੀਆਂ ਦੀ ਰਿਪੋਰਟ ਕੀਤੀ। ਇਸ ਤੋਂ ਬਾਅਦ 4 ਅਗਸਤ 2025 ਨੂੰ ਐੱਫਆਈਆਰ ਦਰਜ ਕੀਤੀ ਗਈ।
ਵਿਦਿਆਰਥਣਾਂ ‘ਤੇ ਦਬਾਅ
ਚੈਤਨਿਆਨੰਦ ਦੇ ਮਾਲਕ ਕੁਆਰਟਰਾਂ ਵਿੱਚ ਵਿਦਿਆਰਥਣਾਂ ਨੂੰ ਆਉਣ ਲਈ ਮਜਬੂਰ ਕਰਦਾ ਸੀ। ਜੇਕਰ ਉਹ ਨਹੀਂ ਆਉਂਦੀਆਂ ਤਾਂ ਫੇਲ੍ਹ ਕਰਨ ਦੀ ਧਮਕੀ ਦਿੰਦਾ। ਉਸ ਦੀ ਟੀਮ ਵਿੱਚ ਕੁਝ ਔਰਤਾਂ ਨੂੰ ਵੀ ਰੱਖਿਆ ਗਿਆ, ਜੋ ਵਿਦਿਆਰਥਣਾਂ ਦੀਆਂ ਚੈਟਾਂ ਡਿਲੀਟ ਕਰਵਾਉਂਦੀਆਂ ਸਨ, ਜਿਨ੍ਹਾਂ ਦੇ ਸਬੂਤ ਪੁਲਸ ਨੇ ਹੱਥ ਲੱਗੇ ਹਨ। ਚੈਤਨਿਆਨੰਦ ਨੇ ਵਿਦਿਆਰਥਣਾਂ ਨੂੰ ਲੰਡਨ ਯਾਤਰਾ ਦਾ ਲਾਲਚ ਵੀ ਦਿੱਤਾ, ਇਹ ਦੱਸਦੇ ਹੋਏ ਕਿ ਸਾਰਾ ਖਰਚਾ ਉਹ ਚੁੱਕੇਗਾ।
ਅਦਾਲਤ ‘ਚ ਜ਼ਮਾਨਤ ਪਟੀਸ਼ਨ
ਚੈਤਨਿਆਨੰਦ ਨੇ ਆਪਣੇ ਖਿਲਾਫ਼ ਦੋਸ਼ਾਂ ਸਬੰਧੀ ਦਿੱਲੀ ਦੀ ਅਦਾਲਤ ਵਿੱਚ ਜ਼ਮਾਨਤ ਪਟੀਸ਼ਨ ਦਾਇਰ ਕੀਤੀ। ਪਰ ਸ਼ੁੱਕਰਵਾਰ ਨੂੰ ਅਦਾਲਤ ਨੇ ਪਟੀਸ਼ਨ ਰੱਦ ਕਰ ਦਿੱਤੀ। ਵਧੀਕ ਸੈਸ਼ਨ ਜੱਜ ਹਰਦੀਪ ਕੌਰ ਨੇ ਕਿਹਾ ਕਿ ਜਾਂਚ ਆਪਣੇ ਸ਼ੁਰੂਆਤੀ ਪੜਾਅ ਵਿੱਚ ਹੈ ਅਤੇ ਪੁਲਸ ਲਈ “ਧੋਖਾਧੜੀ, ਸਾਜ਼ਿਸ਼ ਅਤੇ ਫੰਡਾਂ ਦੀ ਦੁਰਵਰਤੋਂ ਦੇ ਰੈਕੇਟ ਦਾ ਪਰਦਾਫਾਸ਼ ਕਰਨ” ਲਈ ਹਿਰਾਸਤ ਵਿੱਚ ਪੁੱਛਗਿੱਛ ਕਰਨਾ ਜ਼ਰੂਰੀ ਹੈ।”