ਚੰਡੀਗੜ੍ਹ :- ਪੰਜਾਬ ਵਿਚ ਹਾਲ ਹੀ ਆਏ ਹੜ੍ਹਾਂ ਨੂੰ ਲੈ ਕੇ ਬੁਲਾਏ ਗਏ ਵਿਧਾਨ ਸਭਾ ਸੈਸ਼ਨ ਦੌਰਾਨ ਅੱਜ ਸਦਨ ‘ਚ ਭਾਰੀ ਹੰਗਾਮਾ ਹੋਇਆ। ਸਿੰਚਾਈ ਮੰਤਰੀ ਬਰਿੰਦਰ ਗੋਇਲ ਵੱਲੋਂ ਹੜ੍ਹ ਸਬੰਧੀ ਮਤਾ ਪੇਸ਼ ਕੀਤਾ ਗਿਆ, ਜਿਸ ਵਿੱਚ ਕੇਂਦਰ ਵੱਲੋਂ ਐਲਾਨੇ ਗਏ 1,600 ਕਰੋੜ ਰੁਪਏ ਦੀ ਟੋਕਨ ਰਕਮ ਵੀ ਨਾ ਮਿਲਣ ‘ਤੇ ਪ੍ਰਧਾਨ ਮੰਤਰੀ ਦਫ਼ਤਰ ਦੀ ਆਲੋਚਨਾ ਕੀਤੀ ਗਈ ਅਤੇ ਹੜ੍ਹ ਪੀੜਤਾਂ ਲਈ 20,000 ਕਰੋੜ ਦੀ ਮਦਦ ਦਾ ਪ੍ਰਸਤਾਵ ਰੱਖਿਆ ਗਿਆ। ਇਸ ਤੋਂ ਬਾਅਦ ਵਿਰੋਧੀ ਧਿਰ ਵੱਲੋਂ ਤੀਖ਼ਾ ਹੰਗਾਮਾ ਕੀਤਾ ਗਿਆ।
ਇੰਦਰਜੀਤ ਕੌਰ ਮਾਨ ਵੱਲੋਂ ਵਿਰੋਧੀ ਧਿਰ ‘ਤੇ ਵਾਰ
ਨਕੋਦਰ ਹਲਕੇ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕ ਇੰਦਰਜੀਤ ਕੌਰ ਮਾਨ ਨੇ ਆਪਣੇ ਸੰਬੋਧਨ ਦੌਰਾਨ ਵਿਰੋਧੀ ਧਿਰ ਨੂੰ ਕੜੇ ਸ਼ਬਦਾਂ ‘ਚ ਘੇਰਿਆ। ਉਨ੍ਹਾਂ ਕਿਹਾ ਕਿ ਵਿਰੋਧੀਆਂ ਦੀਆਂ ਗਲਤ ਬਿਆਨਬਾਜ਼ੀਆਂ ਅਸੀਂ ਕਦੇ ਬਰਦਾਸ਼ਤ ਨਹੀਂ ਕਰਾਂਗੇ। ਮਾਨ ਨੇ ਦਾਅਵਾ ਕੀਤਾ ਕਿ ਹੜ੍ਹ ਦੀ ਵੱਡੀ ਵਜ੍ਹਾ ਮੌਸਮ ਵਿਭਾਗ ਦੀ ਗਲਤ ਭਵਿੱਖਬਾਣੀ ਸੀ, ਜਿਸ ਕਾਰਨ ਸਮੇਂ ਸਿਰ ਤਿਆਰੀ ਨਹੀਂ ਹੋ ਸਕੀ। ਉਨ੍ਹਾਂ ਕਿਹਾ ਕਿ ਜੇ ਕੇਂਦਰ ਸਰਕਾਰ ਦੀ ਏਜੰਸੀ ਆਈਐਮਡੀ ਵੱਲੋਂ ਸਹੀ ਚੇਤਾਵਨੀ ਮਿਲਦੀ, ਤਾਂ ਪੰਜਾਬ ਨੂੰ ਵੱਡੇ ਨੁਕਸਾਨ ਤੋਂ ਬਚਾਇਆ ਜਾ ਸਕਦਾ ਸੀ।
ਪੰਜਾਬ ਸਰਕਾਰ ਦੇ ਕੰਮ ਦੀ ਗਿਣਤੀ
ਮਾਨ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਸਿਰਫ਼ ਡਿਸਿਲਟਿੰਗ ਦੇ ਨਾਂ ‘ਤੇ ਮਾਇਨਿੰਗ ਕੀਤੀ, ਪਰ ਅਸਲ ਕੰਮ ਨਹੀਂ ਕੀਤਾ। ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪਹਿਲੀ ਵਾਰ ਇਸ ਦਿਸ਼ਾ ਵੱਲ ਗੰਭੀਰਤਾ ਨਾਲ ਕਦਮ ਚੁੱਕੇ ਅਤੇ ਹੁਣ ਤੱਕ 863 ਡ੍ਰੇਨਾਂ ਦਾ ਨਿਰਮਾਣ ਕੀਤਾ। ਉਨ੍ਹਾਂ ਹੜ੍ਹ ਕਾਰਨ ਹੋਏ ਨੁਕਸਾਨ ਬਾਰੇ ਦੱਸਿਆ ਕਿ 23 ਜ਼ਿਲ੍ਹਿਆਂ ਦੇ 2,565 ਪਿੰਡ ਪ੍ਰਭਾਵਿਤ ਹੋਏ, ਲੱਖਾਂ ਲੋਕਾਂ ਨੂੰ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ, 23,219 ਲੋਕਾਂ ਨੂੰ ਰੈਸਕਿਊ ਕੀਤਾ ਗਿਆ, 5 ਲੱਖ ਏਕੜ ਫ਼ਸਲ ਤਬਾਹ ਹੋਈ ਅਤੇ ਢਾਈ ਲੱਖ ਪਸ਼ੂਧਨ ਨੂੰ ਵੀ ਨੁਕਸਾਨ ਪਹੁੰਚਿਆ।
ਬਾਹਰੀ ਨਦੀਆਂ ਤੋਂ ਆਏ ਪਾਣੀ ਬਾਰੇ ਸਵਾਲ
ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੂੰ ਨਿਸ਼ਾਨਾ ਬਣਾਉਂਦੇ ਹੋਏ ਮਾਨ ਨੇ ਰਣਜੀਤ ਸਾਗਰ ਡੈਮ ‘ਚੋਂ ਪਾਣੀ ਛੱਡਣ ਦੇ ਸਮੇਂ ‘ਤੇ ਵੀ ਸਵਾਲ ਉਠਾਏ। ਉਨ੍ਹਾਂ ਕਿਹਾ ਕਿ ਜਦੋਂ 26 ਤਾਰੀਖ਼ ਨੂੰ ਡੇਰਾ ਬਾਬਾ ਨਾਨਕ ਖੇਤਰ ਵਿੱਚ ਹੜ੍ਹ ਆ ਚੁੱਕਿਆ ਸੀ, ਉਸ ਤੋਂ ਬਾਅਦ ਹੀ ਡੈਮ ‘ਚੋਂ 2.15 ਲੱਖ ਕਿਊਸਿਕ ਪਾਣੀ ਛੱਡਿਆ ਗਿਆ। ਉਨ੍ਹਾਂ ਪੁੱਛਿਆ ਕਿ ਬਾਹਰਲੀਆਂ ਨਦੀਆਂ-ਨਾਲਿਆਂ ਰਾਹੀਂ ਪੰਜਾਬ ਵਿਚ ਦਾਖ਼ਲ ਹੋਏ 11 ਲੱਖ ਕਿਊਸਿਕ ਪਾਣੀ ਨੂੰ ਰੋਕਣ ਲਈ ਕੌਣ ਜ਼ਿੰਮੇਵਾਰ ਸੀ।
ਵਿਰੋਧੀਆਂ ਨੂੰ ਚੇਤਾਵਨੀ
ਮਾਨ ਨੇ ਵਿਰੋਧੀ ਧਿਰ ‘ਤੇ ਲੋਕਾਂ ਦੇ ਜਜ਼ਬਾਤਾਂ ਨਾਲ ਖੇਡਣ ਅਤੇ ਗਲਤ ਬਿਆਨਬਾਜ਼ੀ ਕਰਕੇ ਲੋਕਾਂ ਨੂੰ ਗੁੰਮਰਾਹ ਕਰਨ ਦੇ ਦੋਸ਼ ਲਗਾਏ। ਉਨ੍ਹਾਂ ਕਿਹਾ ਕਿ ਸਾਡੇ ਮੰਤਰੀਆਂ ਦਾ ਮਜ਼ਾਕ ਬਣਾਉਣਾ ਵਿਰੋਧੀ ਧਿਰ ਦੀ ਆਦਤ ਬਣ ਚੁੱਕੀ ਹੈ ਪਰ ਅਸੀਂ ਇਹ ਗਲਤ ਬਿਆਨਬਾਜ਼ੀ ਬਰਦਾਸ਼ਤ ਨਹੀਂ ਕਰਾਂਗੇ।