ਗੁਰਦਾਸਪੁਰ :- ਗੁਰਦਾਸਪੁਰ ਦੇ ਪਿੰਡ ਸਾਧੂ ਚੱਕ ਵਿੱਚ ਅੱਜ ਸਵੇਰੇ ਦਹਿਸ਼ਤਜਨਕ ਘਟਨਾ ਸਾਹਮਣੇ ਆਈ। ਤਰਨ ਤਾਰਨ ਤੋਂ ਆਏ ਕੁਝ ਹਥਿਆਰਬੰਦ ਵਿਅਕਤੀਆਂ ਨੇ ਇੱਕ ਘਰ ਅੰਦਰ ਦਾਖਲ ਹੋ ਕੇ ਜਬਰੀ ਦੋ ਬੱਚਿਆਂ ਨੂੰ ਚੁੱਕ ਕੇ ਫਰਾਰ ਹੋ ਗਏ। ਇਹ ਪੂਰੀ ਘਟਨਾ ਘਰ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਵੀਡੀਓ ਵਿੱਚ ਸਾਫ਼-ਤੌਰ ‘ਤੇ ਦੇਖਿਆ ਜਾ ਸਕਦਾ ਹੈ ਕਿ ਹਮਲਾਵਰ ਘਰ ਵਿੱਚ ਦਾਖਲ ਹੋ ਕੇ ਬੱਚਿਆਂ ਨੂੰ ਚੁੱਕਦੇ ਨਜ਼ਰ ਆ ਰਹੇ ਹਨ।
ਘਰੇਲੂ ਕਲੇਸ਼ ਦੇ ਕਾਰਨ ਅਗਵਾ ਦਾ ਸ਼ੱਕ – ਮਾਂ ਦਾ ਬਿਆਨ
ਬੱਚਿਆਂ ਦੀ ਮਾਂ ਦਿਲਪ੍ਰੀਤ ਕੌਰ ਨੇ ਦੱਸਿਆ ਕਿ ਉਸਦਾ ਵਿਆਹ ਤਰਨ ਤਾਰਨ ਦੇ ਮਨਦੀਪ ਸਿੰਘ ਔਲਖ ਨਾਲ ਹੋਇਆ ਸੀ ਅਤੇ ਪਿਛਲੇ ਦੋ ਸਾਲ ਤੋਂ ਦੋਵਾਂ ਵਿੱਚ ਘਰੇਲੂ ਕਲੇਸ਼ ਚੱਲ ਰਿਹਾ ਹੈ। ਇਸ ਮਾਮਲੇ ਨੂੰ ਲੈ ਕੇ ਅਦਾਲਤ ਵਿੱਚ ਕੇਸ ਵੀ ਦਰਜ ਹੈ। ਦਿਲਪ੍ਰੀਤ ਕੌਰ ਦੇ ਅਨੁਸਾਰ ਅਦਾਲਤ ਨੇ ਬੱਚਿਆਂ ਦੀ ਕਸਟਡੀ ਉਸਨੂੰ ਦਿੱਤੀ ਹੋਈ ਸੀ, ਪਰ ਸਵੇਰੇ ਉਸਦਾ ਪਤੀ ਆਪਣੇ ਸਾਥੀਆਂ ਸਮੇਤ ਜਬਰੀ ਘਰ ਵਿੱਚ ਦਾਖਲ ਹੋ ਕੇ ਭੰਨਤੋੜ ਕੀਤੀ ਅਤੇ ਦੋਨੋਂ ਬੱਚਿਆਂ ਨੂੰ ਚੁੱਕ ਕੇ ਲੈ ਗਿਆ।
ਪੁਲਿਸ ‘ਚ ਸ਼ਿਕਾਇਤ, ਕਾਨੂੰਨੀ ਕਾਰਵਾਈ ਦੀ ਮੰਗ
ਦਿਲਪ੍ਰੀਤ ਕੌਰ ਦੀ ਮਾਂ, ਜੋ ਕਿ ਪੰਜਾਬ ਪੁਲਿਸ ਵਿੱਚ ਕਾਂਸਟੇਬਲ ਦੇ ਅਹੁਦੇ ਤੋਂ ਸੇਵਾਮੁਕਤ ਹਨ, ਨੇ ਕਿਹਾ ਕਿ ਉਨ੍ਹਾਂ ਦੀ ਬੇਟੀ ਨਾਲ ਉਸਦਾ ਪਤੀ ਅਕਸਰ ਕੁੱਟਮਾਰ ਕਰਦਾ ਸੀ ਜਿਸ ਕਰਕੇ ਉਹ ਪੇਕੇ ਰਹਿ ਰਹੀ ਹੈ। ਉਨ੍ਹਾਂ ਨੇ ਦੋਸ਼ੀਆਂ ਖਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ।
ਸੀਸੀਟੀਵੀ ਕਬਜ਼ੇ ਵਿੱਚ, ਜਾਂਚ ਸ਼ੁਰੂ – ਪੁਲਿਸ
ਦੂਜੇ ਪਾਸੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਘਰ ਦੇ ਸੀਸੀਟੀਵੀ ਫੁਟੇਜ ਨੂੰ ਕਬਜ਼ੇ ਵਿੱਚ ਲੈ ਕੇ ਪੂਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਨੇ ਕਿਹਾ ਹੈ ਕਿ ਜਲਦ ਹੀ ਅਗਵਾ ਕਰਨ ਵਾਲਿਆਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ।