ਚੰਡੀਗੜ੍ਹ :- ਪੰਜਾਬ ਵਿਧਾਨ ਸਭਾ ਵਿੱਚ ਸਪੀਕਰ ਨੇ ਹੜ੍ਹਾਂ ਦੌਰਾਨ ਪੀੜਤਾਂ ਦੀ ਵੱਧ ਚੜ੍ਹ ਕੇ ਮਦਦ ਕਰਨ ਲਈ ਪੰਜਾਬੀਆਂ ਦੀ ਸ਼ਲਾਘਾ ਕੀਤੀ। ਸਪੀਕਰ ਨੇ ਕਿਹਾ ਕਿ “ਧਾੜਵੀ ਜਦੋਂ ਲੁੱਟਣ ਆਉਂਦੇ ਸਨ, ਪੰਜਾਬ ਦੇ ਯੋਧੇ ਬਚਾਉਂਦੇ ਸਨ, ਹੁਣ ਉਹ ਰੋਲ ਪੰਜਾਬੀਆਂ ਨੇ ਨਿਭਾਇਆ।”
ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਮੁੱਦਾ ਉਠਾਇਆ
ਸਿੰਚਾਈ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਵਿਧਾਨ ਸਭਾ ਵਿੱਚ ਪੰਜਾਬ ਵਿੱਚ ਆਏ ਹੜ੍ਹਾਂ ਦਾ ਠੀਕਰਾ ਮੌਸਮ ਵਿਭਾਗ ਉੱਤੇ ਮੋੜਿਆ। ਮੰਤਰੀ ਨੇ ਦੱਸਿਆ ਕਿ ਮੌਸਮ ਵਿਭਾਗ ਦੀਆਂ ਭਵਿੱਖਬਾਣੀਆਂ ਗਲਤ ਸਾਬਤ ਹੋਈਆਂ, ਜਿਸ ਕਾਰਨ ਡੈਮਾਂ ‘ਤੇ ਪਾਣੀ ਵੱਧ ਗਿਆ।
ਉਨ੍ਹਾਂ ਨੇ ਕਿਹਾ, “ਭਾਖੜਾ ਬਿਆਸ ਪ੍ਰਬੰਧਨ ਬੋਰਡ (BBMB) ਦੇ ਡੈਮਾਂ ‘ਤੇ ਅਧਿਕਾਰ ਪੰਜਾਬ ਸਰਕਾਰ ਕੋਲ ਹੋਣੇ ਚਾਹੀਦੇ ਹਨ। ਮੁਸ਼ਕਲ ਸਮਿਆਂ ਵਿੱਚ ਜਦੋਂ ਅਸੀਂ ਅਰਜ਼ੀਆਂ ਪੇਸ਼ ਕਰਦੇ ਹਾਂ, ਬੋਰਡ ਦੀ ਮੀਟਿੰਗ ਸਾਰੇ ਮੈਂਬਰਾਂ ਦੀ ਗੈਰਹਾਜ਼ਰੀ ਕਾਰਨ ਪ੍ਰਭਾਵਿਤ ਹੁੰਦੀ ਹੈ।”
ਸਰਕਾਰ ਦੀ ਕਾਰਵਾਈ ਅਤੇ ਪ੍ਰਬੰਧਨ
ਮੰਤਰੀ ਨੇ ਦੱਸਿਆ ਕਿ ਸਰਕਾਰ ਨੇ ਡੈਮਾਂ ਵਿੱਚ ਆਇਆ ਪਾਣੀ ਸੰਤੁਲਿਤ ਢੰਗ ਨਾਲ ਛੱਡਿਆ ਅਤੇ ਸੁਰੱਖਿਆ ਦੇ ਸਾਰੇ ਨਿਯਮਾਂ ਦੀ ਪਾਲਣਾ ਕੀਤੀ। ਉਹ ਰਣਜੀਤ ਸਾਗਰ ਡੈਮ ਦੀ ਸਥਿਤੀ ਨੂੰ ਉਦਾਹਰਣ ਵਜੋਂ ਦਰਸਾਉਂਦੇ ਹੋਏ ਕਹਿੰਦੇ ਹਨ ਕਿ ਪਾਣੀ ਛੱਡਣ ਦੌਰਾਨ ਕੋਈ ਹੱਦ ਤੋੜੀ ਨਹੀਂ ਗਈ।
ਹੜ੍ਹ ਨਾਲ ਹੋਏ ਨੁਕਸਾਨ ਦੀ ਜਾਣਕਾਰੀ
ਹੜ੍ਹ ਦੌਰਾਨ 2300 ਪਿੰਡ, 20 ਲੱਖ ਲੋਕ ਪ੍ਰਭਾਵਿਤ ਹੋਏ। 5 ਲੱਖ ਏਕੜ ਫਸਲਾਂ ਨੁਕਸਾਨ ਹੋਈਆਂ ਅਤੇ 59 ਲੋਕਾਂ ਦੀ ਜਾਨ ਗਈ। 7 ਲੱਖ ਲੋਕ ਬੇਘਰ ਹੋਏ। 3200 ਸਕੂਲ ਅਤੇ 19 ਕਾਲਜ ਨੁਕਸਾਨੇ ਗਏ। 1400 ਹਸਪਤਾਲ ਅਤੇ ਕਲੀਨਿਕ ਨੁਕਸਾਨੇ ਗਏ, 8500 ਕਿਲੋਮੀਟਰ ਸੜਕਾਂ ਖ਼ਤਮ ਹੋਈਆਂ ਅਤੇ 2500 ਪੁਲ ਢਹਿ ਗਏ।
ਕੇਂਦਰ ਸਰਕਾਰ ਖਿਲਾਫ ਟਿੱਪਣੀ
ਮੰਤਰੀ ਨੇ ਕੇਂਦਰ ਸਰਕਾਰ ਉੱਤੇ ਵੀ ਟਿੱਪਣੀ ਕੀਤੀ ਕਿ ਹੜ੍ਹ ਦੌਰਾਨ ਪੰਜਾਬ ਨੂੰ ਜ਼ਰੂਰੀ ਰਾਹਤ ਨਾ ਮਿਲੀ। ਪੰਜਾਬ ਨੇ 20,000 ਕਰੋੜ ਰੁਪਏ ਦੀ ਮੰਗ ਕੀਤੀ ਸੀ, ਪਰ ਕੇਂਦਰ ਵੱਲੋਂ ਸਿਰਫ 1,600 ਕਰੋੜ ਰੁਪਏ ਦਿੱਤੇ ਗਏ।