ਚੰਡੀਗੜ੍ਹ :- ਪੰਜਾਬ ਸਰਕਾਰ ਨੇ ਰਾਜ ਵਿੱਚ ਹੋਣ ਵਾਲੀਆਂ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਨੂੰ ਫਿਲਹਾਲ ਮੁਲਤਵੀ ਕਰਨ ਦਾ ਫ਼ੈਸਲਾ ਲਿਆ ਹੈ। ਇਹ ਚੋਣਾਂ ਜੋ ਪਹਿਲਾਂ 5 ਅਕਤੂਬਰ 2025 ਤੱਕ ਕਰਵਾਈਆਂ ਜਾਣੀਆਂ ਸਨ, ਹੁਣ 5 ਦਸੰਬਰ 2025 ਤੱਕ ਲਈ ਅੱਗੇ ਪਾ ਦਿੱਤੀਆਂ ਗਈਆਂ ਹਨ।
ਸਰਕਾਰ ਨੇ ਕਿਹਾ ਕਿ ਇਹ ਫ਼ੈਸਲਾ ਸੂਬੇ ਵਿੱਚ ਹਾਲ ਹੀ ਵਿੱਚ ਆਏ ਹੜ੍ਹਾਂ ਦੇ ਹਾਲਾਤਾਂ ਨੂੰ ਧਿਆਨ ਵਿੱਚ ਰੱਖਦਿਆਂ ਲਿਆ ਗਿਆ ਹੈ। ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵੱਲੋਂ ਇਸ ਸਬੰਧੀ ਅਧਿਕਾਰਿਕ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ।
ਸਮਾਜਿਕ ਜਥੇਬੰਦੀਆਂ ਦੀ ਮੰਗ ਵੀ ਆਈ ਸਾਹਮਣੇ
ਹੜ੍ਹਾਂ ਤੋਂ ਇਲਾਵਾ ਕੁਝ ਸਮਾਜਿਕ ਜਥੇਬੰਦੀਆਂ ਨੇ ਵੀ ਚੋਣਾਂ ਦੀ ਮਿਤੀ ਬਦਲਣ ਦੀ ਮੰਗ ਕੀਤੀ ਸੀ। ਉਨ੍ਹਾਂ ਨੇ ਦੱਸਿਆ ਕਿ 5 ਅਕਤੂਬਰ ਨੂੰ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਅਤੇ 7 ਅਕਤੂਬਰ ਨੂੰ ਵਾਲਮੀਕਿ ਜੈਯੰਤੀ ਹੋਣ ਕਾਰਨ ਉਨ੍ਹਾਂ ਦੀ ਚੋਣਾਂ ਵਿੱਚ ਹਿੱਸੇਦਾਰੀ ਪ੍ਰਭਾਵਿਤ ਹੋ ਸਕਦੀ ਸੀ।
ਸਰਕਾਰ ਨੇ ਵਿਧਾਨ ਸਭਾ ਤੇ ਚੋਣ ਕਮਿਸ਼ਨ ਨੂੰ ਦਿੱਤੀ ਜਾਣਕਾਰੀ
ਪੰਜਾਬ ਸਰਕਾਰ ਨੇ ਮੌਜੂਦਾ ਹਾਲਾਤਾਂ ਅਤੇ ਸਮਾਜਿਕ ਪੱਖਾਂ ਨੂੰ ਧਿਆਨ ਵਿੱਚ ਰੱਖਦਿਆਂ ਵਿਧਾਨ ਸਭਾ ਅਤੇ ਚੋਣ ਕਮਿਸ਼ਨ ਨੂੰ ਸਿਫ਼ਾਰਸ਼ ਭੇਜ ਕੇ ਚੋਣਾਂ ਨੂੰ ਟਾਲਣ ਦਾ ਫ਼ੈਸਲਾ ਲਿਆ। ਹੁਣ ਇਹ ਚੋਣਾਂ ਨਵੀਂ ਤਰੀਕ 5 ਦਸੰਬਰ 2025 ਤੱਕ ਕਰਵਾਈਆਂ ਜਾਣਗੀਆਂ।