ਚੰਡੀਗੜ੍ਹ :- ਸਕੂਲ ਸਿੱਖਿਆ ਦੇ ਡਾਇਰੈਕਟਰ ਜਨਰਲ ਵੱਲੋਂ ਸੂਬੇ ਦੇ ਸਾਰੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ (ਸੈਕੰਡਰੀ/ਐਲੀਮੈਂਟਰੀ) ਅਤੇ ਨਿੱਜੀ ਤੇ ਸਰਕਾਰੀ ਸਕੂਲਾਂ ਦੇ ਮੁਖੀਆਂ ਨੂੰ ਵਿਦਿਆਰਥੀਆਂ ਦੀ ਲਾਜ਼ਮੀ ਬਾਇਓਮੈਟ੍ਰਿਕ ਅਪਡੇਟ ਸਬੰਧੀ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਡਾਇਰੈਕਟਰ ਜਨਰਲ ਨੇ ਕਿਹਾ ਕਿ ਸਕੂਲ ਪੱਧਰ ‘ਤੇ 100 ਫ਼ੀਸਦੀ ਆਧਾਰ ਅਪਡੇਟ ਯਕੀਨੀ ਬਣਾਉਣ ਲਈ ਕੈਂਪ ਲਗਾਏ ਜਾਣ ਅਤੇ ਸਾਰੀਆਂ ਲੋੜੀਂਦੀਆਂ ਕਾਰਵਾਈਆਂ ਤੁਰੰਤ ਕੀਤੀਆਂ ਜਾਣ।
ਆਧਾਰ ਅਪਡੇਟ ਟੀਮਾਂ ਨੂੰ ਸਹਿਯੋਗ ਨਾ ਮਿਲਣ ‘ਤੇ ਜਤਾਈ ਨਾਰਾਜ਼ਗੀ
ਡਾਇਰੈਕਟਰ ਜਨਰਲ ਨੇ ਪੱਤਰ ‘ਚ ਦਰਸਾਇਆ ਕਿ ਹਾਲਾਂਕਿ ਇਸ ਸਬੰਧ ‘ਚ ਪਹਿਲਾਂ ਕਈ ਵਾਰ ਪੱਤਰ ਜਾਰੀ ਹੋ ਚੁੱਕੇ ਹਨ, ਪਰ ਕਈ ਜ਼ਿਲ੍ਹਿਆਂ ਦੇ ਸਕੂਲਾਂ ਵਲੋਂ ਆਧਾਰ ਅਪਡੇਟ ਟੀਮਾਂ ਨੂੰ ਲੋੜੀਂਦਾ ਸਹਿਯੋਗ ਨਹੀਂ ਦਿੱਤਾ ਜਾ ਰਿਹਾ, ਜਿਸ ਦਾ ਉੱਚ ਅਧਿਕਾਰੀਆਂ ਵਲੋਂ ਗੰਭੀਰਤਾ ਨਾਲ ਨੋਟਿਸ ਲਿਆ ਗਿਆ ਹੈ।
ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ‘ਤੇ ਵਿਭਾਗੀ ਕਾਰਵਾਈ
ਡਾਇਰੈਕਟਰ ਜਨਰਲ ਨੇ ਸਪੱਸ਼ਟ ਕੀਤਾ ਕਿ ਸਾਰੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਆਪਣੇ ਅਧੀਨ ਆਉਂਦੇ ਨਿੱਜੀ ਅਤੇ ਸਰਕਾਰੀ ਸਕੂਲਾਂ ਦੇ ਪ੍ਰਿੰਸੀਪਲਾਂ ਅਤੇ ਮੁਖੀਆਂ ਨੂੰ ਲਾਜ਼ਮੀ ਬਾਇਓਮੈਟ੍ਰਿਕ ਅਪਡੇਟ ਤੁਰੰਤ ਪੂਰਾ ਕਰਨ ਲਈ ਹੁਕਮ ਜਾਰੀ ਕਰਨ। ਜੇਕਰ ਕੋਈ ਸਕੂਲ ਇਸ ਪ੍ਰਕਿਰਿਆ ਵਿੱਚ ਸਹਿਯੋਗ ਕਰਨ ਵਿੱਚ ਅਸਫਲ ਰਹਿੰਦਾ ਹੈ, ਤਾਂ ਸਬੰਧਿਤ ਪ੍ਰਿੰਸੀਪਲ ਖ਼ਿਲਾਫ਼ ਵਿਭਾਗੀ ਕਾਰਵਾਈ ਕੀਤੀ ਜਾਵੇਗੀ।