ਚੰਡੀਗੜ੍ਹ :- ਪੰਜਾਬ ਦੇ ਨਵਾਂਸ਼ਹਿਰ ਜ਼ਿਲ੍ਹੇ ਵਿੱਚ ਸੂਰਾਂ ਵਿੱਚ ਪਾਈ ਜਾਣ ਵਾਲੀ ਘਾਤਕ ਬਿਮਾਰੀ ਅਫਰੀਕਨ ਸਵਾਈਨ ਫੀਵਰ (ASF) ਦੇ ਕੇਸ ਸਾਹਮਣੇ ਆਉਣ ਤੋਂ ਬਾਅਦ ਪ੍ਰਸ਼ਾਸਨ ਸਖ਼ਤ ਹੋ ਗਿਆ ਹੈ। ਪਸ਼ੂ ਪਾਲਣ ਵਿਭਾਗ ਦੀ ਰਿਪੋਰਟ ਦੇ ਆਧਾਰ ‘ਤੇ ਜ਼ਿਲ੍ਹਾ ਮੈਜਿਸਟ੍ਰੇਟ ਅੰਕੁਰਜੀਤ ਸਿੰਘ ਨੇ ਤਹਿਸੀਲ ਨਵਾਂਸ਼ਹਿਰ ਦੇ ਭੌਰਾ ਪਿੰਡ ਨੂੰ ਬਿਮਾਰੀ ਦਾ ਏਪੀਸੈਂਟਰ ਘੋਸ਼ਿਤ ਕਰ ਦਿੱਤਾ ਹੈ। ਇਸਦੇ ਨਾਲ ਹੀ ਪਿੰਡ ਦੇ 1 ਕਿਲੋਮੀਟਰ ਦੇ ਦਾਇਰੇ ਨੂੰ ਸੰਕਰਮਿਤ ਖੇਤਰ ਅਤੇ 10 ਕਿਲੋਮੀਟਰ ਦੇ ਦਾਇਰੇ ਨੂੰ ਨਿਗਰਾਨੀ ਖੇਤਰ ਕਰਾਰ ਦਿੱਤਾ ਗਿਆ ਹੈ।
ਕੀ ਹੈ ਅਫਰੀਕਨ ਸਵਾਈਨ ਫੀਵਰ?
ASF ਇੱਕ ਬਹੁਤ ਹੀ ਛੂਤਕਾਰੀ ਅਤੇ ਘਾਤਕ ਵਾਇਰਲ ਬਿਮਾਰੀ ਹੈ ਜੋ ਘਰੇਲੂ ਅਤੇ ਜੰਗਲੀ ਸੂਰਾਂ ਨੂੰ ਪ੍ਰਭਾਵਿਤ ਕਰਦੀ ਹੈ। ਵਿਸ਼ਵ ਪਸ਼ੂ ਸਿਹਤ ਸੰਗਠਨ (WOAH) ਦੇ ਅਨੁਸਾਰ ਇਸਦੀ ਮੌਤ ਦਰ 100% ਤੱਕ ਹੋ ਸਕਦੀ ਹੈ। ਇਹ ਬਿਮਾਰੀ ਸੂਰ ਪਾਲਕਾਂ ਅਤੇ ਸੰਬੰਧਤ ਅਰਥਵਿਵਸਥਾ ਲਈ ਵੱਡਾ ਖਤਰਾ ਬਣਦੀ ਹੈ। ਰਾਹਤ ਦੀ ਗੱਲ ਇਹ ਹੈ ਕਿ ਇਹ ਬਿਮਾਰੀ ਮਨੁੱਖਾਂ ਵਿੱਚ ਨਹੀਂ ਫੈਲਦੀ, ਇਸ ਲਈ ਮਨੁੱਖੀ ਸਿਹਤ ਨੂੰ ਕੋਈ ਖਤਰਾ ਨਹੀਂ ਹੈ।
23 ਨਵੰਬਰ ਤੱਕ ਲਾਗੂ ਰਹਿਣਗੀਆਂ ਪਾਬੰਦੀਆਂ
ਜ਼ਿਲ੍ਹਾ ਪ੍ਰਸ਼ਾਸਨ ਨੇ ਭਾਰਤੀ ਸੁਰੱਖਿਆ ਸੰਹਿਤਾ, 2023 ਦੀ ਧਾਰਾ 163 ਦੇ ਤਹਿਤ 23 ਨਵੰਬਰ 2025 ਤੱਕ ਹੇਠ ਲਿਖੇ ਹੁਕਮ ਜਾਰੀ ਕੀਤੇ ਹਨ :
ਆਵਾਜਾਈ ‘ਤੇ ਰੋਕ – ਕਿਸੇ ਵੀ ਸੂਰ ਜਾਂ ਉਸਦੇ ਮਾਸ, ਚਾਰੇ ਆਦਿ ਦੀ ਆਵਾਜਾਈ ਜ਼ਿਲ੍ਹੇ ਦੇ ਅੰਦਰ ਤੇ ਬਾਹਰ ਪੂਰੀ ਤਰ੍ਹਾਂ ਵਰਜਿਤ।
ਦਾਖਲਾ ਬੰਦ – ਨਿਗਰਾਨੀ ਖੇਤਰ (10 ਕਿਮੀ) ਤੋਂ ਬਾਹਰ ਕੋਈ ਵਿਅਕਤੀ ਜਾਂ ਵਾਹਨ ਨਹੀਂ ਜਾਵੇਗਾ ਅਤੇ ਨਾ ਹੀ ਬਾਹਰੋਂ ਕੋਈ ਇਸ ਖੇਤਰ ਵਿੱਚ ਆ ਸਕੇਗਾ।
ਉਪਕਰਣਾਂ ‘ਤੇ ਪਾਬੰਦੀ – ਸੂਰ ਪਾਲਣ ਨਾਲ ਜੁੜੀ ਮਸ਼ੀਨਰੀ ਜਾਂ ਹੋਰ ਸਾਧਨ ਸੰਕਰਮਿਤ ਖੇਤਰ ਤੋਂ ਬਾਹਰ ਨਹੀਂ ਲਿਜਾਏ ਜਾਣਗੇ।
ਬਾਜ਼ਾਰ ਵਿੱਚ ਵਿਕਰੀ ‘ਤੇ ਰੋਕ – ਕਿਸੇ ਵੀ ਜ਼ਿੰਦਾ ਜਾਂ ਮਰੇ ਹੋਏ ਸੂਰ ਅਤੇ ਉਸਦੇ ਮਾਸ ਨੂੰ ਬਾਜ਼ਾਰ ਵਿੱਚ ਵੇਚਣ ਜਾਂ ਲਿਜਾਣ ‘ਤੇ ਪੂਰਨ ਪਾਬੰਦੀ।
ਪ੍ਰਸ਼ਾਸਨ ਦੀ ਅਪੀਲ
ਪ੍ਰਸ਼ਾਸਨ ਨੇ ਸੂਰ ਪਾਲਕਾਂ ਅਤੇ ਇਲਾਕੇ ਦੇ ਵਸਨੀਕਾਂ ਨੂੰ ਇਨ੍ਹਾਂ ਹੁਕਮਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਦੀ ਅਪੀਲ ਕੀਤੀ ਹੈ ਤਾਂ ਜੋ ਬਿਮਾਰੀ ਦੇ ਹੋਰ ਫੈਲਾਅ ਨੂੰ ਰੋਕਿਆ ਜਾ ਸਕੇ।