ਬਰਨਾਲਾ :- ਬਰਨਾਲਾ ਜ਼ਿਲ੍ਹੇ ਦੇ ਕਸਬਾ ਧਨੌਲਾ ਵਿੱਚ ਚੰਡੀਗੜ੍ਹ-ਬਠਿੰਡਾ ਹਾਈਵੇਅ ‘ਤੇ ਭਿਆਨਕ ਸੜਕ ਹਾਦਸਾ ਵਾਪਰਿਆ। ਦੱਸਿਆ ਜਾ ਰਿਹਾ ਹੈ ਕਿ ਸੰਗਰੂਰ ਤੋਂ ਰਾਮਪੁਰਾ ਵੱਲ ਜਾ ਰਹੀ ਇੱਕ ਹੌਂਡਾ ਸਿਟੀ ਕਾਰ ਅਚਾਨਕ ਬੇਕਾਬੂ ਹੋ ਗਈ ਅਤੇ ਨਾਲੇ ਵਿੱਚ ਡਿੱਗ ਗਈ। ਡਿੱਗਣ ਨਾਲ ਕਾਰ ਵਿੱਚ ਅੱਗ ਭੜਕ ਗਈ, ਜਿਸ ਵਿੱਚ ਡਰਾਈਵਰ ਮੌਕੇ ‘ਤੇ ਹੀ ਜ਼ਿੰਦਾ ਸੜ ਗਿਆ।
ਮ੍ਰਿਤਕ ਦੀ ਪਛਾਣ
ਪੁਲਿਸ ਮੁਤਾਬਕ ਮ੍ਰਿਤਕ ਦੀ ਪਛਾਣ ਹਨੀ ਸਿੰਘ (ਉਮਰ 23 ਸਾਲ) ਪੁੱਤਰ ਰਾਮ ਸਿੰਘ ਵਾਸੀ ਸੁਨਾਮ ਵਜੋਂ ਹੋਈ ਹੈ। ਹਨੀ ਸਿੰਘ ਪ੍ਰਸਾਦ ਰੋਡ ਸੁਨਾਮ ਦਾ ਰਹਿਣ ਵਾਲਾ ਸੀ ਅਤੇ ਡਰਾਈਵਰ ਦਾ ਕੰਮ ਕਰਦਾ ਸੀ। ਉਹ ਅਣਵਿਆਹਿਆ ਸੀ ਅਤੇ ਹਾਦਸੇ ਸਮੇਂ ਆਪਣੀ ਭੈਣ ਨੂੰ ਮਿਲਣ ਲਈ ਜਾ ਰਿਹਾ ਸੀ।
ਪੁਲਿਸ ਅਤੇ ਫਾਇਰ ਬ੍ਰਿਗੇਡ ਦੀ ਕਾਰਵਾਈ
ਧਨੌਲਾ ਥਾਣੇ ਦੇ ਐਸਐਚਓ ਲਖਵੀਰ ਸਿੰਘ ਨੇ ਦੱਸਿਆ ਕਿ ਜਦੋਂ ਕਾਰ ਦਾਨਗੜ੍ਹ ਰੋਡ ਕੱਟ ਨੇੜੇ ਨਾਲੇ ਵਿੱਚ ਡਿੱਗੀ ਤਾਂ ਅੱਗ ਤੇਜ਼ੀ ਨਾਲ ਫੈਲ ਗਈ। ਇਕ ਰਾਹਗੀਰ ਨੇ ਮੌਕੇ ‘ਤੇ ਪੁਲਿਸ ਨੂੰ ਸੂਚਿਤ ਕੀਤਾ, ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਬੁਲਾਇਆ ਗਿਆ। ਰਾਹਗੀਰਾਂ ਦੀ ਮਦਦ ਨਾਲ ਅੱਗ ‘ਤੇ ਕਾਬੂ ਪਾਇਆ ਗਿਆ, ਪਰ ਤਦ ਤੱਕ ਡਰਾਈਵਰ ਦੀ ਜ਼ਿੰਦਗੀ ਨਹੀਂ ਬਚ ਸਕੀ।
ਪਰਿਵਾਰ ਨੂੰ ਸੂਚਨਾ
ਮ੍ਰਿਤਕ ਦੀ ਲਾਸ਼ ਸਿਵਲ ਹਸਪਤਾਲ ਬਰਨਾਲਾ ਦੇ ਮੁਰਦਾਘਰ ਵਿੱਚ ਰੱਖੀ ਗਈ ਹੈ। ਮਾਮਲੇ ਦੀ ਸੂਚਨਾ ਮਿਲਣ ‘ਤੇ ਪਿਤਾ ਰਾਮ ਸਿੰਘ ਹਸਪਤਾਲ ਪਹੁੰਚੇ। ਪਰਿਵਾਰ ਦੇ ਬਿਆਨਾਂ ਦੇ ਆਧਾਰ ‘ਤੇ ਪੁਲਿਸ ਨੇ ਆਈਪੀਸੀ ਦੀ ਧਾਰਾ 174 ਤਹਿਤ ਕਾਰਵਾਈ ਸ਼ੁਰੂ ਕਰ ਦਿੱਤੀ ਹੈ।