ਚੰਡੀਗੜ੍ਹ :- ਪੰਜਾਬ ਸਰਕਾਰ ਵੱਲੋਂ ਐਲਾਨੀ ਗਈ ‘ਮੁੱਖ ਮੰਤਰੀ ਸਿਹਤ ਬੀਮਾ ਯੋਜਨਾ’ ਨਾਲ ਸੰਬੰਧਿਤ ਵੱਡੀ ਖ਼ਬਰ ਸਾਹਮਣੇ ਆਈ ਹੈ। ਇਹ ਸਕੀਮ ਹੁਣ 2 ਅਕਤੂਬਰ ਦੀ ਬਜਾਏ ਦਸੰਬਰ ਮਹੀਨੇ ਤੋਂ ਲਾਗੂ ਕੀਤੀ ਜਾਵੇਗੀ। ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਸਪੱਸ਼ਟ ਕੀਤਾ ਕਿ ਸਰਕਾਰ ਨੇ ਯੋਜਨਾ ਨੂੰ ਲਾਗੂ ਕਰਨ ਲਈ ਪੂਰੀ ਤਿਆਰੀ ਕਰ ਲਈ ਹੈ ਅਤੇ ਹਰ ਪਰਿਵਾਰ ਦਾ 10 ਲੱਖ ਰੁਪਏ ਦਾ ਸਿਹਤ ਕਾਰਡ ਜਾਰੀ ਕੀਤਾ ਜਾਵੇਗਾ।
ਹੜ੍ਹਾਂ ਕਾਰਨ ਆਈ ਦੇਰੀ, ਟੈਂਡਰ ਪ੍ਰਕਿਰਿਆ ਸ਼ੁਰੂ ਹੋਣੀ ਬਾਕੀ
ਸਿਹਤ ਮੰਤਰੀ ਨੇ ਦੱਸਿਆ ਕਿ ਹੜ੍ਹਾਂ ਦੀ ਮਾਰ ਵੀ ਯੋਜਨਾ ਦੇ ਟਲਣ ਦਾ ਇੱਕ ਮੁੱਖ ਕਾਰਨ ਹੈ। ਉਨ੍ਹਾਂ ਕਿਹਾ ਕਿ ਇਸ ਪ੍ਰਾਜੈਕਟ ਲਈ ਜ਼ਰੂਰੀ ਫੰਡ ਅਲਾਟ ਕਰ ਦਿੱਤਾ ਗਿਆ ਹੈ ਅਤੇ ਟੈਂਡਰ ਦੀ ਪ੍ਰਕਿਰਿਆ ਜਲਦੀ ਹੀ ਪੂਰੀ ਕਰ ਲਈ ਜਾਵੇਗੀ। ਸਰਕਾਰ ਦਾ ਟੀਚਾ ਹੈ ਕਿ ਦਸੰਬਰ ਤੋਂ ਯੋਜਨਾ ਰਾਜ ਭਰ ਦੇ ਲੋਕਾਂ ਲਈ ਉਪਲਬਧ ਹੋਵੇ।
ਹਰ ਪਰਿਵਾਰ ਨੂੰ ਮੁਫ਼ਤ ਇਲਾਜ ਦੀ ਸੁਵਿਧਾ
ਇਸ ਯੋਜਨਾ ਤਹਿਤ ਹਰ ਪਰਿਵਾਰ ਨੂੰ 10 ਲੱਖ ਰੁਪਏ ਤੱਕ ਦਾ ਮੁਫ਼ਤ ਕੈਸ਼ਲੈੱਸ ਡਾਕਟਰੀ ਇਲਾਜ ਮਿਲੇਗਾ। ਸਰਕਾਰ ਦਾ ਦਾਅਵਾ ਹੈ ਕਿ ਲਗਭਗ ਤਿੰਨ ਕਰੋੜ ਪੰਜਾਬੀ ਇਸ ਯੋਜਨਾ ਤੋਂ ਲਾਭ ਉਠਾਉਣਗੇ।