ਹਰਿਆਣਾ :- ਹਰਿਆਣਾ ਦੇ ਬਹਾਦਰਗੜ੍ਹ ‘ਚ ਰੋਹੜ ਟੋਲ ਪਲਾਜ਼ਾ ਨੇੜੇ ਰਾਸ਼ਟਰੀ ਰਾਜਮਾਰਗ ‘ਤੇ ਰੋਹਤਕ ਦੇ ਕੁਝ ਨੌਜਵਾਨ ਕਾਰਾਂ ਨਾਲ ਖ਼ਤਰਨਾਕ ਸਟੰਟ ਕਰ ਰਹੇ ਸਨ। ਥਾਰ ਅਤੇ ਵਰਨਾ ਕਾਰਾਂ ਨਾਲ ਕੀਤੇ ਜਾ ਰਹੇ ਇਹ ਸਟੰਟ ਟ੍ਰੈਫਿਕ ਅਤੇ ਜਾਨ ਲਈ ਖ਼ਤਰਾ ਬਣ ਰਹੇ ਸਨ। ਗਸ਼ਤ ਦੌਰਾਨ ਏਸੀਪੀ ਅਸੋਦਾ ਦਿਨੇਸ਼ ਸਾਂਗਵਾਨ ਨੇ ਉਨ੍ਹਾਂ ਨੂੰ ਰੋਕਿਆ ਤੇ ਚਲਾਨ ਕੱਟਣ ਦੀ ਬਜਾਏ ਵਿਲੱਖਣ ਤਰੀਕੇ ਨਾਲ ਸਜ਼ਾ ਦਿੱਤੀ। ਉਨ੍ਹਾਂ ਨੇ ਨੌਜਵਾਨਾਂ ਨੂੰ ਝਿੜਕਣ ਤੋਂ ਬਾਅਦ ਹਾਈਵੇਅ ‘ਤੇ ਹੀ ਪੁਸ਼-ਅੱਪ ਲਗਵਾਏ। ਇਸ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।
ਟ੍ਰੈਫਿਕ ਨਿਯਮਾਂ ਬਾਰੇ ਦਿੱਤੀ ਚੇਤਾਵਨੀ
ਏਸੀਪੀ ਦਿਨੇਸ਼ ਨੇ ਨੌਜਵਾਨਾਂ ਨੂੰ ਸਮਝਾਇਆ ਕਿ ਅਜਿਹੇ ਸਟੰਟ ਨਾ ਸਿਰਫ਼ ਆਪਣੀ ਜਾਨ ਲਈ ਖ਼ਤਰਨਾਕ ਹਨ, ਸਗੋਂ ਸੜਕ ‘ਤੇ ਹੋਰ ਲੋਕਾਂ ਦੀ ਸੁਰੱਖਿਆ ਲਈ ਵੀ ਵੱਡਾ ਖ਼ਤਰਾ ਪੈਦਾ ਕਰਦੇ ਹਨ। ਉਨ੍ਹਾਂ ਨੇ ਸਖ਼ਤ ਚੇਤਾਵਨੀ ਦਿੱਤੀ ਕਿ ਜੇ ਭਵਿੱਖ ਵਿੱਚ ਉਹ ਦੁਬਾਰਾ ਅਜਿਹਾ ਕਰਦੇ ਫੜੇ ਗਏ ਤਾਂ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਬੋਕਸਿੰਗ ਚੈਂਪੀਅਨ ਤੋਂ ਸਖ਼ਤ ਅਧਿਕਾਰੀ ਤੱਕ ਦਾ ਸਫ਼ਰ
ਦੱਸ ਦੇਈਏ ਕਿ ਏਸੀਪੀ ਦਿਨੇਸ਼ ਕੁਮਾਰ ਅੰਤਰਰਾਸ਼ਟਰੀ ਬਾਕਸਰ ਰਹੇ ਹਨ। ਲਗਾਤਾਰ 10 ਸਾਲਾਂ ਤੱਕ ਉਹ ਰਾਸ਼ਟਰੀ ਪੱਧਰ ‘ਤੇ ਬਾਕਸਿੰਗ ਚੈਂਪੀਅਨ ਰਹੇ ਹਨ ਤੇ 2010 ਵਿੱਚ ਰਾਸ਼ਟਰਮੰਡਲ ਖੇਡਾਂ ਵਿੱਚ ਸੋਨ ਤਗਮਾ ਜਿੱਤਿਆ ਸੀ। ਉਹ ਕਾਫ਼ੀ ਸਮੇਂ ਤੋਂ ਬਹਾਦਰਗੜ੍ਹ ਵਿੱਚ ਏਸੀਪੀ ਵਜੋਂ ਤਾਇਨਾਤ ਹਨ। ਇਸ ਤੋਂ ਪਹਿਲਾਂ ਵੀ ਉਹ ਟ੍ਰੈਫਿਕ ਐਸਐਚਓ ਵਜੋਂ ਸੇਵਾਵਾਂ ਨਿਭਾ ਚੁੱਕੇ ਹਨ।
ਵਿਲੱਖਣ ਤਰੀਕਿਆਂ ਨਾਲ ਕਰਦੇ ਹਨ ਜਾਗਰੂਕ
ਏਸੀਪੀ ਦਿਨੇਸ਼ ਕੁਮਾਰ ਅਕਸਰ ਨੌਜਵਾਨਾਂ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਲਈ ਅਨੋਖੇ ਤਰੀਕਿਆਂ ਨਾਲ ਸਬਕ ਸਿਖਾਉਂਦੇ ਹਨ। ਉਹ ਬੁਲੇਟ ਮੋਟਰਸਾਈਕਲਾਂ ‘ਤੇ ਪਟਾਕੇ ਚਲਾਉਣ ਵਾਲਿਆਂ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਵੱਖ-ਵੱਖ ਮੁਹਿੰਮਾਂ ਵੀ ਚਲਾ ਚੁੱਕੇ ਹਨ।