ਨਵੀਂ ਦਿੱਲੀ :- ਦਿੱਲੀ ਦੇ ਵਸੰਤ ਕੁੰਜ ਖੇਤਰ ਵਿੱਚ ਸਥਿਤ ਇੱਕ ਮਸ਼ਹੂਰ ਆਸ਼ਰਮ ਵਿੱਚ ਚੱਲ ਰਹੀਆਂ ਗਲਤ ਗਤੀਵਿਧੀਆਂ ਦਾ ਪਰਦਾਫਾਸ਼ ਹੋ ਗਿਆ ਹੈ। ਜਿਵੇਂ ਹੀ ਉੱਥੇ ਪੜ੍ਹ ਰਹੀਆਂ ਕੁੜੀਆਂ ਨੇ ਸੱਚਾਈ ਬਾਹਰ ਰੱਖੀ, ਆਸ਼ਰਮ ਵਿੱਚ ਹੰਗਾਮਾ ਮਚ ਗਿਆ। ਡਾਇਰੈਕਟਰ ਸਵਾਮੀ ਚੈਤਨਿਆਨੰਦ ਸਰਸਵਤੀ ਉਰਫ਼ ਪਾਰਥ ਸਾਰਥੀ ‘ਤੇ 15 ਤੋਂ ਵੱਧ ਵਿਦਿਆਰਥਣਾਂ ਨੇ ਛੇੜਛਾੜ ਦੇ ਗੰਭੀਰ ਇਲਜ਼ਾਮ ਲਗਾਏ ਹਨ। ਸ਼੍ਰੀ ਸ਼੍ਰਿੰਗੇਰੀ ਮੱਠ ਦੇ ਪ੍ਰਸ਼ਾਸਕ ਪੀ.ਏ. ਮੁਰਲੀ ਦੀ ਸ਼ਿਕਾਇਤ ‘ਤੇ ਪੁਲਿਸ ਨੇ ਸਵਾਮੀ ਵਿਰੁੱਧ ਜਿਨਸੀ ਸ਼ੋਸ਼ਣ ਦੇ ਕਈ ਮਾਮਲੇ ਦਰਜ ਕਰ ਲਏ ਹਨ।
ਪੁਲਿਸ ਨੇ ਸੀਸੀਟੀਵੀ ਫੁਟੇਜ ਜ਼ਬਤ ਕੀਤੇ, 32 ਵਿਦਿਆਰਥਣਾਂ ਦੇ ਬਿਆਨ ਦਰਜ
ਪੁਲਿਸ ਨੇ ਆਸ਼ਰਮ ਤੋਂ ਸੀਸੀਟੀਵੀ ਫੁਟੇਜ ਅਤੇ ਹਾਰਡ ਡਿਸਕ ਬਰਾਮਦ ਕਰਕੇ ਐਫਐਸਐਲ ਜਾਂਚ ਲਈ ਭੇਜ ਦਿੱਤੀ ਹੈ। ਹੁਣ ਤੱਕ 32 ਵਿਦਿਆਰਥਣਾਂ ਦੇ ਬਿਆਨ ਦਰਜ ਹੋ ਚੁੱਕੇ ਹਨ। ਪੀੜਤਾਂ ਦਾ ਦਾਅਵਾ ਹੈ ਕਿ ਸਵਾਮੀ ਚੈਤਨਿਆਨੰਦ ਨੇ ਅਸ਼ਲੀਲ ਭਾਸ਼ਾ ਦੀ ਵਰਤੋਂ ਕੀਤੀ, ਇਤਰਾਜ਼ਯੋਗ ਸੁਨੇਹੇ ਭੇਜੇ ਅਤੇ ਜ਼ਬਰਦਸਤੀ ਸਰੀਰਕ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ। ਇਲਜ਼ਾਮ ਇਹ ਵੀ ਹੈ ਕਿ ਕੁਝ ਮਹਿਲਾ ਫੈਕਲਟੀ ਅਤੇ ਪ੍ਰਸ਼ਾਸਨਿਕ ਸਟਾਫ਼ ਨੇ ਸਵਾਮੀ ਦਾ ਸਮਰਥਨ ਕੀਤਾ ਅਤੇ ਵਿਦਿਆਰਥਣਾਂ ਨੂੰ ਦਬਾਅ ਹੇਠ ਰੱਖਣ ਦੀ ਕੋਸ਼ਿਸ਼ ਕੀਤੀ।
ਵਾਰਡਨਾਂ ਉੱਤੇ ਵੀ ਸਵਾਲ, ਅਦਾਲਤ ਵਿੱਚ ਦਰਜ ਹੋਏ ਬਿਆਨ
ਵਿਦਿਆਰਥਣਾਂ ਨੇ ਦੋਸ਼ ਲਗਾਇਆ ਹੈ ਕਿ ਆਸ਼ਰਮ ਵਿੱਚ ਕੰਮ ਕਰਦੇ ਕੁਝ ਵਾਰਡਨ ਉਨ੍ਹਾਂ ਨੂੰ ਡਾਇਰੈਕਟਰ ਨਾਲ ਮਿਲਾਉਂਦੇ ਸਨ। ਸਾਰੇ ਪੀੜਤਾਂ ਦੇ ਬਿਆਨ ਧਾਰਾ 164 ਸੀਆਰਪੀਸੀ ਤਹਿਤ ਪਟਿਆਲਾ ਹਾਊਸ ਅਦਾਲਤ ਵਿੱਚ ਦਰਜ ਹੋਏ ਹਨ। ਮਾਮਲਾ ਦਰਜ ਹੋਣ ਤੋਂ ਬਾਅਦ ਤੋਂ ਹੀ ਚੈਤਨਿਆਨੰਦ ਫਰਾਰ ਹੈ ਅਤੇ ਪੁਲਿਸ ਉਸ ਦੀ ਭਾਲ ਲਈ ਵੱਖ-ਵੱਖ ਥਾਵਾਂ ‘ਤੇ ਛਾਪੇਮਾਰੀ ਕਰ ਰਹੀ ਹੈ।
ਜਾਅਲੀ ਯੂਐਨ ਨੰਬਰ ਨਾਲ ਘੁੰਮਦਾ ਸੀ ਡਾਇਰੈਕਟਰ
ਜਾਂਚ ਵਿੱਚ ਇਹ ਵੀ ਖੁਲਾਸਾ ਹੋਇਆ ਹੈ ਕਿ ਮੁਲਜ਼ਮ ਆਪਣੀ ਮਹਿੰਗੀ ਵੋਲਵੋ ਕਾਰ ‘ਤੇ ਜਾਅਲੀ ਯੂਐਨ ਨੰਬਰ ਪਲੇਟ ਲਗਾ ਕੇ ਯਾਤਰਾ ਕਰਦਾ ਸੀ। ਕਾਰ ‘ਤੇ “39 ਯੂਐਨ 1” ਲਿਖਿਆ ਸੀ, ਜੋ ਜਾਂਚ ਤੋਂ ਬਾਅਦ ਨਕਲੀ ਸਾਬਤ ਹੋਇਆ। ਪੁਲਿਸ ਨੇ ਕਾਰ ਨੂੰ ਜ਼ਬਤ ਕਰ ਲਿਆ ਹੈ ਤੇ ਫਰਾਰ ਸਵਾਮੀ ਚੈਤਨਿਆਨੰਦ ਨੂੰ ਕਾਬੂ ਕਰਨ ਲਈ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ ਹਨ।