ਤਰਨਤਾਰਨ :- ਤਰਨਤਾਰਨ ਦੇ ਪਿੰਡ ਕੈਰੋਂ ਨੇੜੇ ਬੀਤੇ ਸ਼ਾਮ ਵਾਪਰੇ ਦੋਹਰੇ ਕਤਲ ਮਾਮਲੇ ਵਿੱਚ ਪੁਲਿਸ ਨੇ ਤੇਜ਼ ਕਾਰਵਾਈ ਕਰਦਿਆਂ ਕੇਵਲ 12 ਘੰਟਿਆਂ ਵਿੱਚ ਹੀ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਘਟਨਾ ਵਿੱਚ ਗੱਡੀ ਸਵਾਰ ਦੋ ਨੌਜਵਾਨਾਂ ਸਮਰਬੀਰ ਸਿੰਘ (ਪਿੰਡ ਕਰਮੂੰਵਾਲਾ) ਅਤੇ ਸੌਰਵ (ਪਿੰਡ ਮਰਹਾਣਾ) ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਸੀ।
ਫੜੇ ਗਏ ਮੁਲਜ਼ਮਾਂ ਦੀ ਪਹਿਚਾਣ
ਐਸਐਸਪੀ ਰਵਜੋਤ ਕੌਰ ਗਰੇਵਾਲ ਨੇ ਦੱਸਿਆ ਕਿ ਗ੍ਰਿਫ਼ਤਾਰ ਮੁਲਜ਼ਮਾਂ ਦੀ ਪਹਿਚਾਣ ਜਗਰਾਜ ਸਿੰਘ ਜੱਗਾ ਅਤੇ ਦਲੇਰ ਸਿੰਘ (ਖੇਮਕਰਨ), ਸੋਨਾ ਸਿੰਘ (ਭਾਈ ਲੱਧੂ) ਅਤੇ ਸਲਵਿੰਦਰ ਸਿੰਘ (ਠੱਕਰਪੁਰਾ) ਵੱਜੋਂ ਹੋਈ ਹੈ। ਪੁਲਿਸ ਵੱਲੋਂ ਜਗਤਾਰ ਸਿੰਘ (ਖੇਮਕਰਨ), ਗੁਰਪ੍ਰੀਤ ਸਿੰਘ ਗੋਪੀ (ਠੱਕਰਪੁਰ), ਹਰਪਾਲ ਸਿੰਘ (ਗੋਇੰਦਵਾਲ ਸਾਹਿਬ) ਸਮੇਤ 4–5 ਅਣਪਛਾਤਿਆਂ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ।
ਸੂਟਰਾਂ ਨੂੰ ਹਥਿਆਰ ਅਤੇ ਪਨਾਹ
ਐਸਐਸਪੀ ਨੇ ਖੁਲਾਸਾ ਕੀਤਾ ਕਿ ਜਗਰਾਜ ਸਿੰਘ ਅਤੇ ਦਲੇਰ ਸਿੰਘ ਵੱਲੋਂ ਸੂਟਰਾਂ ਨੂੰ ਹਥਿਆਰ ਮੁਹੱਈਆ ਕਰਵਾਏ ਗਏ ਸਨ, ਜਦਕਿ ਸੋਨਾ ਸਿੰਘ ਅਤੇ ਸਲਵਿੰਦਰ ਸਿੰਘ ਨੇ ਉਨ੍ਹਾਂ ਨੂੰ ਪਨਾਹ ਦਿੱਤੀ। ਪੁਲਿਸ ਦੇ ਅਨੁਸਾਰ ਸੋਸ਼ਲ ਮੀਡੀਆ ਪੋਸਟਾਂ ਤੋਂ ਇਹ ਸੰਕੇਤ ਮਿਲਦੇ ਹਨ ਕਿ ਘਟਨਾ ਆਪਸੀ ਗੁੱਟਬਾਜ਼ੀ ਕਾਰਨ ਵਾਪਰੀ ਹੈ, ਹਾਲਾਂਕਿ ਅਸਲ ਕਾਰਨ ਜਾਂਚ ਤੋਂ ਬਾਅਦ ਸਾਹਮਣੇ ਆਵੇਗਾ।
ਜਾਂਚ ਜਾਰੀ
ਐਸਐਸਪੀ ਰਵਜੋਤ ਕੌਰ ਨੇ ਕਿਹਾ ਕਿ ਬਾਕੀ ਨਾਮਜ਼ਦਾਂ ਦੀ ਭਾਲ ਜਾਰੀ ਹੈ ਅਤੇ ਜਲਦੀ ਹੀ ਉਨ੍ਹਾਂ ਨੂੰ ਵੀ ਕਾਬੂ ਕਰ ਲਿਆ ਜਾਵੇਗਾ। ਪੁਲਿਸ ਇਸ ਦੋਹਰੇ ਕਤਲ ਮਾਮਲੇ ਦੀ ਹਰ ਪੱਖ ਤੋਂ ਜਾਂਚ ਕਰ ਰਹੀ ਹੈ।