ਚੰਡੀਗੜ੍ਹ :- ਰਾਏਕੋਟ ਹਲਕੇ ਦੇ ਪਿੰਡ ਐਤੀਆਣਾ ਵਿਖੇ ਬਣ ਰਹੇ ਹਲਵਾਰਾ ਕੌਮਾਂਤਰੀ ਹਵਾਈ ਅੱਡੇ ਤੋਂ ਉਡਾਣਾਂ ਸ਼ੁਰੂ ਹੋਣ ਦੀ ਲੋਕਾਂ ਦੀ ਲੰਮੀ ਉਡੀਕ ਹੁਣ ਜਲਦੀ ਖਤਮ ਹੋਣ ਜਾ ਰਹੀ ਹੈ। ਲੋਕ ਨਿਰਮਾਣ ਵਿਭਾਗ ਵੱਲੋਂ ਤਿਆਰ ਹੋਇਆ ਹਵਾਈ ਅੱਡਾ ਜਲਦੀ ਹੀ ਏਅਰਪੋਰਟ ਅਥਾਰਟੀ ਆਫ ਇੰਡੀਆ ਨੂੰ ਸੌਂਪਿਆ ਜਾਣ ਵਾਲਾ ਹੈ। ਇਸ ਸੰਬੰਧੀ ਪੰਜਾਬ ਸਰਕਾਰ, ਏਅਰਪੋਰਟ ਅਥਾਰਟੀ, ਸਿਵਲ ਏਵੀਏਸ਼ਨ ਮੰਤਰਾਲੇ ਅਤੇ ਭਾਰਤੀ ਹਵਾਈ ਸੈਨਾ ਦੇ ਅਧਿਕਾਰੀਆਂ ਦੀ ਅਹਿਮ ਬੈਠਕ 25 ਸਤੰਬਰ ਨੂੰ ਦਿੱਲੀ ਵਿੱਚ ਹੋਵੇਗੀ।
ਸੱਤ ਸਾਲਾਂ ‘ਚ ਤਿਆਰ ਹੋਇਆ ਡਰੀਮ ਪ੍ਰਾਜੈਕਟ
ਭਰੋਸੇਯੋਗ ਸੂਤਰਾਂ ਅਨੁਸਾਰ, ਹਵਾਈ ਅੱਡੇ ਦੇ ਰਸਮੀ ਤੌਰ ’ਤੇ ਏਅਰਪੋਰਟ ਅਥਾਰਟੀ ਨੂੰ ਹਵਾਲੇ ਹੋਣ ਤੋਂ ਬਾਅਦ ਉਡਾਣਾਂ ਦੀ ਸਮਾਂ ਸਾਰਨੀ ਜਾਰੀ ਕੀਤੀ ਜਾਵੇਗੀ। ਕੇਂਦਰੀ ਮੰਤਰੀ ਰਾਮ ਮੋਹਨ ਨਾਇਡੂ, ਭਾਜਪਾ ਪ੍ਰਧਾਨ ਸੁਨੀਲ ਜਾਖੜ, ਅਸ਼ਵਨੀ ਸ਼ਰਮਾ ਅਤੇ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਬਿੱਟੂ ਸਮੇਤ ਕਈ ਆਗੂ ਉਦਘਾਟਨੀ ਸਮਾਗਮ ਵਿੱਚ ਸ਼ਿਰਕਤ ਕਰਨਗੇ।
ਇਹ ਏਅਰਪੋਰਟ ਮੁੱਖ ਮੰਤਰੀ ਭਗਵੰਤ ਮਾਨ ਦੇ ਡਰੀਮ ਪ੍ਰਾਜੈਕਟ ਵਜੋਂ ਜਾਣਿਆ ਜਾ ਰਿਹਾ ਹੈ, ਪਰ ਇਸ ਦੀ ਵਾਹਵਾਈ ਖੱਟਣ ਲਈ ਕਾਂਗਰਸ, ਭਾਜਪਾ ਤੇ ਆਮ ਆਦਮੀ ਪਾਰਟੀ ਵੱਲੋਂ ਪੂਰਾ ਜ਼ੋਰ ਲਾਇਆ ਜਾ ਰਿਹਾ ਹੈ। ਲੋਕ ਨਿਰਮਾਣ ਵਿਭਾਗ ਨੇ ਪੁਸ਼ਟੀ ਕੀਤੀ ਹੈ ਕਿ ਏਅਰਪੋਰਟ ਦੇ ਹਵਾਲੇ ਹੋਣ ਉਪਰੰਤ ਸੁਰੱਖਿਆ ਲਈ ਭਾਰੀ ਬੱਲ ਵੀ ਤਾਇਨਾਤ ਕੀਤੇ ਜਾਣਗੇ।