ਚੰਡੀਗੜ੍ਹ :- ਪੰਜਾਬ ਦੇ ਕਿਸਾਨਾਂ ਨੂੰ ਲਗਾਤਾਰ ਦੋਹਰੀ ਮਾਰ ਪੈ ਰਹੀ ਹੈ। ਪਹਿਲਾਂ ਹੜ੍ਹਾਂ ਨੇ ਸੈਂਕੜੇ ਏਕੜ ਫਸਲਾਂ ਤਬਾਹ ਕਰ ਦਿੱਤੀਆਂ, ਹੁਣ ਖੇਤਾਂ ਵਿੱਚ ਵਾਇਰਸ ਆਉਣ ਨਾਲ ਫਸਲ ਦੀ ਲੰਬਾਈ ਘੱਟ ਰਹੀ ਹੈ ਅਤੇ ਪੈਦਾਵਾਰ ਵੀ ਬਹੁਤ ਪ੍ਰਭਾਵਿਤ ਹੋ ਰਹੀ ਹੈ। ਪਟਿਆਲਾ ਦੇ ਪਿੰਡ ਹਰਦਾਸਪੁਰ ਵਿੱਚ ਜਦੋਂ ਪੀਟੀਸੀ ਨਿਊਜ਼ ਦੀ ਟੀਮ ਗਈ ਤਾਂ ਕਿਸਾਨਾਂ ਨੇ ਦੱਸਿਆ ਕਿ ਹਾਲੇ ਤੱਕ ਕੋਈ ਸਰਕਾਰੀ ਅਧਿਕਾਰੀ ਇੱਥੇ ਨਹੀਂ ਪਹੁੰਚਿਆ। ਇੱਕ ਕਿਸਾਨ ਨੇ ਕਿਹਾ ਕਿ ਉਸਦੇ 10 ਕਿੱਲੇ ਠੇਕੇ ’ਤੇ ਸਨ ਪਰ ਵਾਇਰਸ ਨੇ ਸਾਰੀ ਫਸਲ ਨਸ਼ਟ ਕਰ ਦਿੱਤੀ।
ਕਿਸਾਨਾਂ ਦਾ ਕਹਿਣਾ ਹੈ ਕਿ ਇਹ ਇਲਾਕਾ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੇ ਹਲਕੇ ਵਿੱਚ ਆਉਂਦਾ ਹੈ ਪਰ ਉਹ ਵੀ ਕਿਸਾਨਾਂ ਨਾਲ ਨਹੀਂ ਮਿਲੇ। ਉਹਨਾਂ ਦੇ ਮੁਤਾਬਕ ਸੂਬੇ ਭਰ ਵਿੱਚ ਸੈਂਕੜੇ ਏਕੜ ਫਸਲ ਖਰਾਬ ਹੋ ਚੁੱਕੀ ਹੈ ਅਤੇ ਜੋ ਕੁਝ ਬਚੀ ਹੈ, ਉਸਨੂੰ ਸਾਂਭਣ ਲਈ ਵਧੇਰੇ ਖਰਚੇ ਕਰਨੇ ਪੈਣਗੇ।
ਮੰਡੀਆਂ ਦੀ ਖਰੀਦ ਅਟਕੀ, ਅਕਾਲੀ ਦਲ ਨੇ ਚੁੱਕਿਆ ਮਸਲਾ
ਕਿਸਾਨਾਂ ਨੇ ਇਹ ਵੀ ਦੱਸਿਆ ਕਿ ਜਿਹੜੀ ਫਸਲ ਖੇਤਾਂ ਵਿੱਚ ਪੱਕ ਚੁੱਕੀ ਹੈ, ਉਹ ਵੀ ਮੰਡੀਆਂ ਵਿੱਚ ਨਹੀਂ ਵੇਚੀ ਜਾ ਰਹੀ। ਆੜਤੀਆਂ ਦਾ ਕਹਿਣਾ ਹੈ ਕਿ ਇੰਸਪੈਕਟਰ ਹੀ ਨਹੀਂ ਆ ਰਹੇ, ਜਿਸ ਕਾਰਨ ਖਰੀਦ ਦੀ ਪ੍ਰਕਿਰਿਆ ਰੁਕੀ ਹੋਈ ਹੈ।
ਇਸ ਮਾਮਲੇ ’ਤੇ ਅਕਾਲੀ ਦਲ ਪਟਿਆਲਾ-2 ਹਲਕਾ ਇੰਚਾਰਜ ਜਸਪਾਲ ਸਿੰਘ ਬਿੱਟੂ ਚੱਠਾ ਨੇ ਕਿਹਾ ਕਿ ਪਹਿਲਾਂ ਹੜ੍ਹਾਂ ਨੇ ਕਿਸਾਨਾਂ ਨੂੰ ਤਬਾਹ ਕੀਤਾ, ਹੁਣ ਵਾਇਰਸ ਨੇ, ਪਰ ਸਰਕਾਰ ਗਾਇਬ ਹੈ। ਉਹਨਾਂ ਮੰਗ ਕੀਤੀ ਕਿ ਗੋਦਾਮਾਂ ਵਿੱਚ ਖਰੀਦ ਤੁਰੰਤ ਹੋਵੇ ਅਤੇ ਕਿਸਾਨਾਂ ਨੂੰ ਮੁਆਵਜ਼ਾ ਮਿਲੇ। ਚੇਤਾਵਨੀ ਦਿੰਦਿਆਂ ਉਹਨਾਂ ਕਿਹਾ ਕਿ ਜੇ ਸਰਕਾਰ ਨੇ ਕਦਮ ਨਾ ਚੁੱਕਿਆ ਤਾਂ ਅਕਾਲੀ ਦਲ ਧਰਨਾ-ਪ੍ਰਦਰਸ਼ਨ ਵੀ ਕਰੇਗਾ।
ਕਿਸਾਨ ਅੱਜ ਬਹੁਤ ਮੁਸ਼ਕਲ ਹਾਲਾਤਾਂ ’ਚ ਹਨ। ਹੁਣ ਸਭ ਦੀਆਂ ਨਿਗਾਹਾਂ ਸਰਕਾਰ ਵੱਲ ਹਨ ਕਿ ਉਹ ਕਿਸਾਨਾਂ ਲਈ ਕਦੋਂ ਅੱਗੇ ਆਵੇਗੀ।