ਲੁਧਿਆਣਾ :- ਲੁਧਿਆਣਾ ਦੇ ਲਾਡੋਵਾਲ ਟੋਲ ਪਲਾਜ਼ਾ ‘ਤੇ ਕਿਸਾਨਾਂ ਅਤੇ ਨੌਜਵਾਨਾਂ ਨੇ ਪ੍ਰਦਰਸ਼ਨ ਕਰਕੇ ਟੋਲ ਮੁਕਤ ਕਰਵਾ ਦਿੱਤਾ। ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਦੇ ਆਗੂ ਕਿਸਾਨਾਂ ਦੇ ਕਾਫਲੇ ਨਾਲ ਟੋਲ ਪਲਾਜ਼ੇ ‘ਤੇ ਪਹੁੰਚੇ ਅਤੇ ਧਰਨਾ ਲਾ ਕੇ ਟੋਲ ਖੋਲ੍ਹਵਾਇਆ।
ਪੁਲਿਸ ਪ੍ਰਬੰਧ ਤੇ ਸੁਰੱਖਿਆ
ਕਿਸਾਨਾਂ ਦੇ ਪ੍ਰਦਰਸ਼ਨ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਪ੍ਰਸ਼ਾਸਨ ਮੌਕੇ ‘ਤੇ ਪੁਹੁੰਚਿਆ। ਟੋਲ ਪਲਾਜ਼ੇ ਦੇ ਆਲੇ-ਦੁਆਲੇ ਦੋ ਤੋਂ ਤਿੰਨ ਪੁਲਿਸ ਥਾਣਿਆਂ ਦੀ ਫੋਰਸ ਤਾਇਨਾਤ ਕੀਤੀ ਗਈ। ਪੁਲਿਸ ਨੇ ਧਰਨਾ ਕਾਇਮ ਰੱਖਣ ਅਤੇ ਆਵਾਜਾਈ ਸੁਚਾਰੂ ਬਣਾਈ ਰੱਖਣ ਲਈ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ।
ਸੜਕ ਦੀ ਹਾਲਤ ਤੇ ਲੋਕਾਂ ਦੀ ਮੁਸ਼ਕਲ
ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਦਿਲਬਾਗ ਸਿੰਘ ਗਿੱਲ ਨੇ ਕਿਹਾ ਕਿ ਪਿੰਡ ਮੰਗਲੀ ਤੋਂ ਲਾਡੋਵਾਲ ਟੋਲ ਤੱਕ ਸੜਕ ਦੀ ਹਾਲਤ ਬਹੁਤ ਖ਼ਰਾਬ ਹੈ। ਇਸ ਕਾਰਨ ਆਮ ਲੋਕਾਂ ਨੂੰ ਵਾਹਨ ਚਲਾਉਣ ਵਿੱਚ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਉਨ੍ਹਾਂ ਨੇ ਅੱਗੇ ਕਿਹਾ ਕਿ ਸੜਕ ਇੰਨੀ ਮਾੜੀ ਹੈ ਕਿ ਗਰਭਵਤੀ ਔਰਤਾਂ ਅਤੇ ਬਜ਼ੁਰਗਾਂ ਲਈ ਇਸ ਰਾਹ ਤੋਂ ਲੰਘਣਾ ਖ਼ਤਰਨਾਕ ਹੈ। ਇਸਦੇ ਨਾਲ-ਨਾਲ ਸ਼ਾਮ ਦੇ ਸਮੇਂ ਪਿੰਡ ਮੰਗਲੀ ਤੋਂ ਜੋਧੇਵਾਲ ਚੌਕ ਤੱਕ ਰੇਹੜੀਆਂ ਲੱਗਣ ਕਾਰਨ ਟ੍ਰੈਫਿਕ ਜਾਮ ਹੋ ਜਾਂਦਾ ਹੈ।