ਬਿਹਾਰ :- ਬਿਹਾਰ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਮੁੱਖ ਮੰਤਰੀ ਨਿਤੀਸ਼ ਕੁਮਾਰ ਵੱਲੋਂ ਵਿਕਾਸ ਮਿੱਤਰਾਂ ਅਤੇ ਸਿੱਖਿਆ ਸੇਵਕਾਂ ਲਈ ਵੱਡੇ ਤੋਹਫ਼ੇ ਦਾ ਐਲਾਨ ਕੀਤਾ ਗਿਆ। ਐਤਵਾਰ ਸਵੇਰੇ, ਮੁੱਖ ਮੰਤਰੀ ਨੇ ਕਿਹਾ ਕਿ ਵਿਕਾਸ ਮਿੱਤਰਾਂ ਨੂੰ ਟੈਬਲੇਟ ਖਰੀਦਣ ਲਈ 25,000 ਰੁਪਏ ਅਤੇ ਸਿੱਖਿਆ ਸੇਵਕਾਂ ਨੂੰ ਸਮਾਰਟਫੋਨ ਖਰੀਦਣ ਲਈ 10,000 ਰੁਪਏ ਦੀ ਰਕਮ ਦਿੱਤੀ ਜਾਵੇਗੀ।
ਵਿਕਾਸ ਮਿੱਤਰਾਂ ਲਈ ਸੁਵਿਧਾਵਾਂ
ਨਿਤੀਸ਼ ਕੁਮਾਰ ਨੇ ਕਿਹਾ ਕਿ ਵਿਕਾਸ ਮਿੱਤਰ ਅਨੁਸੂਚਿਤ ਜਾਤੀਆਂ ਅਤੇ ਅਨੁਸੂਚਿਤ ਜਨਜਾਤੀਆਂ ਨੂੰ ਸਰਕਾਰੀ ਯੋਜਨਾਵਾਂ ਦੇ ਲਾਭ ਪਹੁੰਚਾਉਣ ਵਿੱਚ ਮੱਦਦ ਕਰਦੇ ਹਨ। ਇਸ ਲਈ ਹਰ ਵਿਕਾਸ ਮਿੱਤਰ ਨੂੰ ਟੈਬਲੇਟ ਖਰੀਦਣ ਲਈ 25,000 ਰੁਪਏ ਦਿੱਤੇ ਜਾਣਗੇ। ਇਨ੍ਹਾਂ ਦੇ ਟਰਾਂਸਪੋਰਟ ਭੱਤੇ ਨੂੰ 1,900 ਰੁਪਏ ਤੋਂ ਵਧਾ ਕੇ 2,500 ਰੁਪਏ ਪ੍ਰਤੀ ਮਹੀਨਾ ਅਤੇ ਸਟੇਸ਼ਨਰੀ ਭੱਤਾ 900 ਰੁਪਏ ਤੋਂ ਵਧਾ ਕੇ 1,500 ਰੁਪਏ ਪ੍ਰਤੀ ਮਹੀਨਾ ਕਰਨ ਦਾ ਫੈਸਲਾ ਕੀਤਾ ਗਿਆ। ਇਸ ਨਾਲ ਖੇਤਰੀ ਦੌਰੇ ਅਤੇ ਡਾਟਾ ਇਕੱਠਾ ਕਰਨ ਵਿੱਚ ਸਹੂਲਤ ਮਿਲੇਗੀ।
ਸਿੱਖਿਆ ਸੇਵਕਾਂ ਲਈ ਤੋਹਫ਼ਾ
ਮੁੱਖ ਮੰਤਰੀ ਨੇ ਕਿਹਾ ਕਿ ਅਕਸ਼ਰ ਅੰਚਲ ਯੋਜਨਾ ਦੇ ਤਹਿਤ ਕੰਮ ਕਰ ਰਹੇ ਸਿੱਖਿਆ ਸੇਵਕਾਂ (ਤਾਲੀਮੀ ਮਰਕਜ਼ ਸਮੇਤ) ਨੂੰ ਡਿਜੀਟਲ ਗਤੀਵਿਧੀਆਂ ਲਈ ਸਮਾਰਟਫੋਨ ਖਰੀਦਣ ਲਈ 10,000 ਰੁਪਏ ਦਿੱਤੇ ਜਾਣਗੇ। ਸਿੱਖਿਆ ਸਮੱਗਰੀ ਲਈ ਅਦਾ ਕੀਤੀ ਜਾਣ ਵਾਲੀ ਰਕਮ ਵੀ 3,405 ਰੁਪਏ ਤੋਂ ਵਧਾ ਕੇ 6,000 ਰੁਪਏ ਪ੍ਰਤੀ ਕੇਂਦਰ ਪ੍ਰਤੀ ਸਾਲ ਕਰਨ ਦਾ ਐਲਾਨ ਕੀਤਾ ਗਿਆ।
ਇਸ ਕਦਮ ਨਾਲ ਵਿਕਾਸ ਮਿੱਤਰਾਂ ਅਤੇ ਸਿੱਖਿਆ ਸੇਵਕਾਂ ਦਾ ਮਨੋਬਲ ਵਧੇਗਾ ਅਤੇ ਉਹ ਆਪਣੇ ਕੰਮ ਨੂੰ ਹੋਰ ਉਤਸ਼ਾਹ ਅਤੇ ਸਮਰਪਣ ਨਾਲ ਨਿਭਾਉਣਗੇ। ਮੁੱਖ ਮੰਤਰੀ ਨੇ ਇਸ ਮੌਕੇ ਤੇ ਜ਼ੋਰ ਦਿੱਤਾ ਕਿ ਇਹ ਯੋਜਨਾ ਖਾਸ ਤੌਰ ਤੇ ਬੱਚਿਆਂ ਦੀ ਸਿੱਖਿਆ ਅਤੇ ਔਰਤਾਂ ਨੂੰ ਸਾਖਰ ਬਣਾਉਣ ਵਿੱਚ ਮਦਦਗਾਰ ਸਾਬਤ ਹੋਵੇਗੀ।