ਸਮਰਾਲਾ :- ਪੰਜਾਬ ਵਿੱਚ ਹਰ ਰੋਜ਼ ਸੜਕ ਹਾਦਸਿਆਂ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ, ਜਿਨ੍ਹਾਂ ਵਿੱਚ ਕਈ ਕੀਮਤੀ ਜਾਨਾਂ ਗੁਆਈਆਂ ਜਾ ਰਹੀਆਂ ਹਨ। ਅਜਿਹਾ ਹੀ ਇਕ ਮਾਮਲਾ ਸਮਰਾਲਾ ਦੇ ਬੀਜ਼ਾ ਰੋਡ ਤੋਂ ਸਾਹਮਣੇ ਆਇਆ, ਜਿੱਥੇ 26 ਸਾਲਾਂ ਨੌਜਵਾਨ ਇੱਕ ਭਿਆਨਕ ਹਾਦਸੇ ਦਾ ਸ਼ਿਕਾਰ ਹੋ ਗਏ।
ਪ੍ਰਾਈਵੇਟ ਵੈਨ ਨੇ ਮੋਟਰਸਾਈਕਲ ਨੂੰ ਟੱਕਰ ਮਾਰੀ
ਮਿਲੀ ਜਾਣਕਾਰੀ ਮੁਤਾਬਕ, ਸਮਰਾਲਾ ਦੇ ਬੀਜ਼ਾ ਰੋਡ ‘ਤੇ ਇੱਕ ਪ੍ਰਾਈਵੇਟ ਵੈਨ ਨੇ ਮੋਟਰਸਾਈਕਲ ਸਵਾਰ ਨੂੰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜਿਆਦਾ ਭਿਆਨਕ ਸੀ ਕਿ ਮੋਟਰਸਾਈਕਲ ਨੂੰ ਅੱਗ ਲੱਗ ਗਈ ਅਤੇ ਨੌਜਵਾਨ ਦੀ ਮੌਤ ਹੋ ਗਈ। ਮੌਕੇ ‘ਤੇ ਮੌਜੂਦ ਰਾਹਗੀਰਾਂ ਨੇ ਅੱਗ ਨੂੰ ਕਾਬੂ ਕੀਤਾ, ਪਰ ਇਸ ਸਮੇਂ ਤੱਕ ਨੌਜਵਾਨ ਦੀ ਜਾਨ ਨਹੀਂ ਬਚ ਸਕੀ।
ਨੌਜਵਾਨ ਦੀ ਪਛਾਣ
ਮ੍ਰਿਤਕ ਨੌਜਵਾਨ ਦੀ ਪਛਾਣ 26 ਸਾਲਾਂ ਜਸਕਰਨ ਵਜੋਂ ਹੋਈ ਹੈ। ਉਹ ਦੋ ਭੈਣਾਂ ਦਾ ਇਕਲੌਤਾ ਭਰਾ ਅਤੇ ਪਰਿਵਾਰ ਦਾ ਇੱਕੱਲਾ ਕਮਾਉਣ ਵਾਲਾ ਪੁੱਤ ਸੀ। ਜਸਕਰਨ ਮੁਹਾਲੀ ਦੀ ਇੱਕ ਅੰਤਰਰਾਸ਼ਟਰੀ ਪ੍ਰਾਈਵੇਟ ਕੰਪਨੀ ਵਿੱਚ ਕੰਮ ਕਰਦਾ ਸੀ ਅਤੇ ਹਰ ਸ਼ਨੀਵਾਰ ਆਪਣੇ ਪਿੰਡ ਵਾਪਸ ਆਉਂਦਾ ਸੀ। ਇਸ ਹਾਦਸੇ ਦੌਰਾਨ ਉਹ ਸਮਰਾਲਾ ਤੋਂ ਆਪਣੇ ਪਿੰਡ ਰਾਏਪੁਰ ਰਾਜਪੂਤਾਂ ਜਾ ਰਿਹਾ ਸੀ।
ਪਰਿਵਾਰ ‘ਤੇ ਦੁੱਖਾਂ ਦਾ ਸਾਇਆ
ਜਸਕਰਨ ਸਿੰਘ ਦੇ ਪਿਤਾ ਦੀ ਚਾਰ ਸਾਲਾਂ ਪਹਿਲਾਂ ਮੌਤ ਹੋ ਚੁੱਕੀ ਸੀ ਅਤੇ ਉਸ ਉੱਤੇ ਮਾਂ ਅਤੇ ਦੋ ਭੈਣਾਂ ਦੀ ਦੇਖਭਾਲ ਦੀ ਜ਼ਿੰਮੇਵਾਰੀ ਸੀ। ਇਸ ਹਾਦਸੇ ਮਗਰੋਂ ਪਰਿਵਾਰ ‘ਤੇ ਦੁੱਖਾਂ ਦਾ ਭਾਰੀ ਬੋਝ ਪੈ ਗਿਆ ਹੈ।