ਚੰਡੀਗੜ੍ਹ :- ਪੰਜਾਬ ਵਿੱਚ ਝੋਨੇ ਦੀ ਕਟਾਈ ਸ਼ੁਰੂ ਹੋਣ ਨਾਲ ਹੀ ਪਰਾਲੀ ਸਾੜਨ ਦੀ ਸਮੱਸਿਆ ਦੁਬਾਰਾ ਉਭਰ ਰਹੀ ਹੈ। ਸਿਰਫ਼ 15 ਤੋਂ 18 ਸਤੰਬਰ ਤੱਕ 32 ਮਾਮਲੇ ਦਰਜ ਕੀਤੇ ਗਏ ਹਨ। ਇਹ ਅੰਕੜੇ ਪੰਜਾਬ ਰਿਮੋਟ ਸੈਂਸਿੰਗ ਸੈਂਟਰ (ਪੀਆਰਐੱਸਸੀ) ਵੱਲੋਂ ਜਾਰੀ ਕੀਤੇ ਗਏ ਹਨ। ਹਾਲਾਂਕਿ ਕਾਨੂੰਨ ਅਨੁਸਾਰ ਪਰਾਲੀ ਸਾੜਨ ’ਤੇ ਐੱਫਆਈਆਰ ਤੇ ਜੁਰਮਾਨੇ ਦਾ ਪ੍ਰਬੰਧ ਹੈ, ਪਰ ਅਜੇ ਤੱਕ ਕਿਸੇ ਕਿਸਾਨ ਵਿਰੁੱਧ ਕਾਰਵਾਈ ਨਹੀਂ ਹੋਈ।
ਐੱਸਡੀਐੱਮ ਨੇ ਮੀਟਿੰਗ ਤੋਂ ਬਾਅਦ ਖੁਦ ਬੁਝਾਈ ਅੱਗ
ਮਲੇਰਕੋਟਲਾ ਦੇ ਮੁਹੰਮਦਪੁਰਾ ਪਿੰਡ ਵਿੱਚ ਵੀ ਪਰਾਲੀ ਸਾੜਨ ਦਾ ਮਾਮਲਾ ਸਾਹਮਣੇ ਆਇਆ। ਖ਼ਾਸ ਗੱਲ ਇਹ ਸੀ ਕਿ ਉਸ ਸਮੇਂ ਅਮਰਗੜ੍ਹ ਦੀ ਐੱਸਡੀਐੱਮ ਸੁਰਿੰਦਰ ਕੌਰ ਕਿਸਾਨਾਂ ਨਾਲ ਮੀਟਿੰਗ ਕਰਕੇ ਪਰਾਲੀ ਨਾ ਸਾੜਨ ਦੀ ਅਪੀਲ ਕਰ ਰਹੀਆਂ ਸਨ। ਵਾਪਸੀ ਦੌਰਾਨ ਉਨ੍ਹਾਂ ਨੇ ਇੱਕ ਖੇਤ ਵਿੱਚ ਅੱਗ ਲੱਗੀ ਦੇਖੀ ਤਾਂ ਤੁਰੰਤ ਗੱਡੀ ਰੋਕ ਕੇ ਤਹਿਸੀਲਦਾਰ ਲਵਪ੍ਰੀਤ ਸਿੰਘ, ਅਧਿਕਾਰੀ ਧਰਮ ਤੇ ਪਿੰਡ ਵਾਸੀਆਂ ਦੀ ਮਦਦ ਨਾਲ ਅੱਗ ਬੁਝਾਈ।
ਸਖ਼ਤ ਕਾਰਵਾਈ ਦੀ ਚੇਤਾਵਨੀ
ਐੱਸਡੀਐੱਮ ਸੁਰਿੰਦਰ ਕੌਰ ਨੇ ਸਪੱਸ਼ਟ ਕੀਤਾ ਕਿ ਹੁਣ ਜੇਹੜੇ ਵੀ ਕਿਸਾਨ ਪਰਾਲੀ ਸਾੜਦੇ ਫੜੇ ਜਾਣਗੇ, ਉਨ੍ਹਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਨਾਲ ਹੀ ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਪਰਾਲੀ ਨੂੰ ਅੱਗ ਲਗਾਉਣ ਦੀ ਥਾਂ ਵਾਤਾਵਰਣ-ਦੋਸਤ ਵਿਕਲਪ ਵਰਤਣ ਅਤੇ ਪ੍ਰਸ਼ਾਸਨ ਨਾਲ ਸਹਿਯੋਗ ਕਰਨ।