ਚੰਡੀਗੜ੍ਹ :- ਚੰਡੀਗੜ੍ਹ ਅਤੇ ਇਸ ਦੇ ਨੇੜਲੇ ਇਲਾਕਿਆਂ ਵਿੱਚ ਅੱਜ ਸਵੇਰੇ ਤੋਂ ਲਗਾਤਾਰ ਤੇਜ਼ ਮੀਂਹ ਪੈ ਰਿਹਾ ਹੈ। ਹਿਮਾਚਲ ਪ੍ਰਦੇਸ਼ ਵਿੱਚ ਵੀ ਭਾਰੀ ਬਾਰਿਸ਼ ਹੋਣ ਨਾਲ ਸੁਖਨਾ ਝੀਲ ਦਾ ਪਾਣੀ ਤੇਜ਼ੀ ਨਾਲ ਵਧ ਰਿਹਾ ਹੈ। ਇਸ ਕਰਕੇ ਪ੍ਰਸ਼ਾਸਨ ਨੇ ਝੀਲ ਦੇ ਫਲੱਡ ਗੇਟ ਖੋਲ੍ਹਣ ਦਾ ਫੈਸਲਾ ਕੀਤਾ।
ਪਾਣੀ ਦਾ ਪੱਧਰ ਖ਼ਤਰੇ ਦੀ ਲਿਮਟ ਦੇ ਨੇੜੇ
ਸੁਖਨਾ ਝੀਲ ਦੀ ਸਮਰੱਥਾ 1162 ਫੁੱਟ ਤੱਕ ਹੈ। ਜਦੋਂ ਪਾਣੀ ਇਸ ਨਿਸ਼ਾਨ ਦੇ ਨੇੜੇ ਪਹੁੰਚਦਾ ਹੈ ਤਾਂ ਹਾਦਸਿਆਂ ਤੋਂ ਬਚਾਉਣ ਲਈ ਗੇਟ ਖੋਲ੍ਹਣੇ ਪੈਂਦੇ ਹਨ। ਅੱਜ ਵੀ ਪਾਣੀ ਦੇ ਵਧਦੇ ਪੱਧਰ ਨੂੰ ਦੇਖਦਿਆਂ ਇਹ ਗੇਟ ਖੋਲ੍ਹ ਦਿੱਤੇ ਗਏ।
ਸੜਕਾਂ ਰਾਹੀਂ ਪਾਣੀ ਵਹਿਣ ਦੀ ਚੇਤਾਵਨੀ
ਫਲੱਡ ਗੇਟ ਖੁੱਲ੍ਹਣ ਤੋਂ ਬਾਅਦ ਝੀਲ ਦਾ ਪਾਣੀ ਸੈਕਟਰ-26 ਤੋਂ ਬਾਪੂਧਾਮ ਵੱਲ ਵਗਦਾ ਹੈ। ਇਸ ਨਾਲ ਕਿਸ਼ਨਗੜ੍ਹ ਖੇਤਰ ਵੀ ਪ੍ਰਭਾਵਿਤ ਹੁੰਦਾ ਹੈ, ਜਿੱਥੇ ਅਕਸਰ ਸੜਕਾਂ ‘ਤੇ ਪਾਣੀ ਖੜ੍ਹਾ ਹੋ ਜਾਂਦਾ ਹੈ। ਸਥਾਨਕ ਵਸਨੀਕਾਂ ਲਈ ਇਹ ਸਥਿਤੀ ਮੁੜ ਚਿੰਤਾ ਦਾ ਕਾਰਨ ਬਣੀ ਹੈ।
ਸਥਾਨਕ ਲੋਕਾਂ ਵਿੱਚ ਮੁੜ ਬੇਚੈਨੀ
ਪਿਛਲੇ ਕੁਝ ਦਿਨਾਂ ਤੋਂ ਮੌਸਮ ਆਮ ਸੀ ਅਤੇ ਲੋਕ ਸੁੱਖ ਮਹਿਸੂਸ ਕਰ ਰਹੇ ਸਨ। ਪਰ ਅੱਜ ਦੇ ਤੇਜ਼ ਮੀਂਹ ਅਤੇ ਫਲੱਡ ਗੇਟ ਖੁੱਲ੍ਹਣ ਕਾਰਨ ਬਾਪੂਧਾਮ ਤੇ ਕਿਸ਼ਨਗੜ੍ਹ ਦੇ ਲੋਕਾਂ ਵਿੱਚ ਚਿੰਤਾ ਵਧ ਗਈ ਹੈ ਕਿ ਇਕ ਵਾਰ ਫਿਰ ਉਨ੍ਹਾਂ ਦੇ ਘਰਾਂ ਅਤੇ ਸੜਕਾਂ ‘ਤੇ ਪਾਣੀ ਭਰ ਸਕਦਾ ਹੈ।