ਚੰਡੀਗੜ੍ਹ :- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਨਵਾਂ ਅਭਿਆਨ ‘ਮਿਸ਼ਨ ਚੜ੍ਹਦੀ ਕਲਾ’ ਸ਼ੁਰੂ ਕਰ ਦਿੱਤਾ ਹੈ। ਇਸ ਮੌਕੇ ‘ਤੇ ਉਨ੍ਹਾਂ ਨੇ ਕਿਹਾ ਕਿ ਹਾਲ ਹੀ ਦੇ ਹੜ੍ਹਾਂ ਨੇ ਦਰਸਾਇਆ ਹੈ ਕਿ ਪੰਜਾਬੀ ਵੱਡੇ ਪੱਧਰ ‘ਤੇ ਸੇਵਾ ਕਰਨ ਲਈ ਹਮੇਸ਼ਾ ਤਿਆਰ ਰਹਿੰਦੇ ਹਨ।
ਇਕ ਪਰਿਵਾਰ ਵਾਂਗ ਪੰਜਾਬ
ਸੀਐੱਮ ਮਾਨ ਨੇ ਕਿਹਾ ਕਿ ਪੰਜਾਬੀ ਮੁਸੀਬਤ ਦੇ ਵੇਲੇ ਇੱਕ ਪਰਿਵਾਰ ਵਾਂਗ ਇਕੱਠੇ ਹੋ ਕੇ ਇਕ-ਦੂਜੇ ਦੀ ਮਦਦ ਕਰਦੇ ਹਨ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਹਰ ਸੰਕਟ ਦੇ ਸਾਹਮਣੇ ਪੰਜਾਬ ਹਿੱਕ ਡਾਅ ਕੇ ਖੜਦਾ ਹੈ, ਅਤੇ ਹੁਣ ‘ਮਿਸ਼ਨ ਚੜ੍ਹਦੀ ਕਲਾ’ ਇਸ ਏਕਤਾ ਨੂੰ ਹੋਰ ਮਜ਼ਬੂਤ ਬਣਾਏਗਾ।
ਰਾਹਤ ਤੋਂ ਅੱਗੇ, ਮੁੜ ਨਿਰਮਾਣ ਵੱਲ ਕਦਮ
ਮੁੱਖ ਮੰਤਰੀ ਨੇ ਸਪਸ਼ਟ ਕੀਤਾ ਕਿ ਹੁਣ ਸਿਰਫ਼ ਰਾਹਤ ਕੰਮਾਂ ‘ਤੇ ਧਿਆਨ ਦੇਣ ਦਾ ਸਮਾਂ ਨਹੀਂ ਰਿਹਾ। ਖੇਤੀਬਾੜੀ ਵਿੱਚ ਵੀ ਅੱਗੇ ਦੀ ਸੋਚ ਨਾਲ ਕੰਮ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਜ਼ਮੀਨਾਂ ਵਿੱਚ ਹੁਣ ਕਣਕ ਦੀ ਬਜਾਈ ਹੋਣੀ ਹੈ ਅਤੇ ਇਸ ਲਈ ਹਰ ਕਿਸੇ ਨੂੰ ਮਿਲ ਕੇ ਜ਼ਮੀਨੀ ਪੱਧਰ ‘ਤੇ ਕਾਰਵਾਈ ਕਰਨੀ ਪਵੇਗੀ।
ਮਿਸ਼ਨ ਚੜ੍ਹਦੀ ਕਲਾ ਨਾਲ ਅੱਗੇ ਵਧੇਗਾ ਪੰਜਾਬ
ਭਗਵੰਤ ਮਾਨ ਨੇ ਦਾਅਵਾ ਕੀਤਾ ਕਿ ਇਹ ਮਿਸ਼ਨ ਪੰਜਾਬ ਨੂੰ ਹੌਸਲੇ ਅਤੇ ਏਕਤਾ ਨਾਲ ਅੱਗੇ ਵਧਾਉਣ ਲਈ ਇੱਕ ਨਵੀਂ ਸ਼ੁਰੂਆਤ ਸਾਬਤ ਹੋਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਪੂਰੀ ਤਰ੍ਹਾਂ ਜ਼ਮੀਨ ‘ਤੇ ਕੰਮ ਕਰ ਰਹੀ ਹੈ ਅਤੇ ਲੋਕਾਂ ਦੀ ਭਾਗੀਦਾਰੀ ਨਾਲ ਪੰਜਾਬ ਨਵਾਂ ਮਿਸਾਲ ਕਾਇਮ ਕਰੇਗਾ।