ਚੰਡੀਗੜ੍ਹ :- ਪਹਿਲਗਾਮ ਵਿੱਚ ਹਾਲ ਹੀ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ-ਪਾਕਿਸਤਾਨ ਵਿਚਾਲੇ ਵਧ ਰਹੇ ਤਣਾਅ ਦਾ ਸਿੱਧਾ ਅਸਰ ਇਸ ਵਾਰ ਸਿੱਖ ਸੰਗਤ ਦੀ ਨਨਕਾਣਾ ਸਾਹਿਬ ਯਾਤਰਾ ’ਤੇ ਪਿਆ ਹੈ। ਕੇਂਦਰ ਸਰਕਾਰ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸਮੇਂ ਜਾਣ ਵਾਲੇ ਜਥੇ ਨੂੰ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਸਰਕਾਰ ਦੇ ਇਸ ਕਦਮ ਨਾਲ ਸਿੱਖ ਸੰਗਤ ਅਤੇ ਧਾਰਮਿਕ ਜਥੇਬੰਦੀਆਂ ਸਮੇਤ ਵੱਖ-ਵੱਖ ਸਿਆਸੀ ਧਿਰਾਂ ਵਿੱਚ ਨਾਰਾਜ਼ਗੀ ਪੈਦਾ ਹੋ ਗਈ ਹੈ।
ਬਾਜਵਾ ਦੀ ਪ੍ਰਧਾਨ ਮੰਤਰੀ ਨੂੰ ਚਿੱਠੀ
ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਤੇ ਸੀਨੀਅਰ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਇਸ ਫ਼ੈਸਲੇ ਖ਼ਿਲਾਫ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖੀ ਹੈ। ਬਾਜਵਾ ਨੇ ਸਪਸ਼ਟ ਕਿਹਾ ਕਿ ਸਿੱਖ ਸੰਗਤ ਨੂੰ ਗੁਰੂ ਨਾਨਕ ਜਯੰਤੀ ਮੌਕੇ ਨਨਕਾਣਾ ਸਾਹਿਬ ਜਾਣ ਦੇ ਅਧਿਕਾਰ ਤੋਂ ਵਾਂਝਾ ਕਰਨਾ ਸਦੀਆਂ ਪੁਰਾਣੀ ਆਸਥਾ ਅਤੇ ਰਿਵਾਇਤ ’ਤੇ ਸੱਟ ਮਾਰਨ ਦੇ ਬਰਾਬਰ ਹੈ।
“ਧਾਰਮਿਕ ਯਾਤਰਾ ਰਾਜਨੀਤੀ ਤੋਂ ਉੱਪਰ”
ਬਾਜਵਾ ਨੇ ਕਿਹਾ ਕਿ ਇਹ ਯਾਤਰਾ ਸਿਰਫ਼ ਧਾਰਮਿਕ ਨਹੀ, ਸਿੱਖ ਕੌਮ ਦੀ ਰੂਹ ਅਤੇ ਵਿਰਾਸਤ ਨਾਲ ਜੁੜੀ ਹੋਈ ਹੈ। ਉਨ੍ਹਾਂ ਜੋੜਿਆ ਕਿ ਜਦੋਂ ਭਾਰਤ ਅਤੇ ਪਾਕਿਸਤਾਨ ਵਿਚਾਲੇ ਕ੍ਰਿਕਟ ਸਮੇਤ ਹੋਰ ਖੇਡਾਂ ਜਾਰੀ ਹਨ, ਤਾਂ ਸ਼ਰਧਾਲੂਆਂ ਨੂੰ ਗੁਰੂਧਾਮਾਂ ਤੱਕ ਜਾਣ ਤੋਂ ਰੋਕਣਾ ਬੇਇਨਸਾਫ਼ੀ ਹੈ।
ਸੁਰੱਖਿਆ ਪ੍ਰਬੰਧਾਂ ਨਾਲ ਇਜਾਜ਼ਤ ਦੇਣ ਦੀ ਮੰਗ
ਬਾਜਵਾ ਨੇ ਜ਼ੋਰ ਦਿੱਤਾ ਕਿ ਕੇਂਦਰ ਸਰਕਾਰ ਇਸ ਫ਼ੈਸਲੇ ’ਤੇ ਮੁੜ ਵਿਚਾਰ ਕਰੇ ਅਤੇ ਪਿਛਲੇ ਸਮਿਆਂ ਵਾਂਗ ਸਾਰੇ ਸੁਰੱਖਿਆ ਪ੍ਰਬੰਧ ਕਰਕੇ ਸਿੱਖ ਸੰਗਤ ਨੂੰ ਨਨਕਾਣਾ ਸਾਹਿਬ ਜਾਣ ਦੀ ਇਜਾਜ਼ਤ ਦਿੱਤੀ ਜਾਵੇ।