ਚੰਡੀਗੜ੍ਹ :- ਪੰਜਾਬ ਸਰਕਾਰ ਨੇ ਹਾਲ ਹੀ ਵਿੱਚ ਬੋਰਡਾਂ ਅਤੇ ਕਾਰਪੋਰੇਸ਼ਨਾਂ ਤੋਂ 1441 ਕਰੋੜ ਰੁਪਏ ਆਪਣੇ ਖਾਤੇ ਵਿੱਚ ਟਰਾਂਸਫਰ ਕਰਨ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਸੀ। ਪਰ ਜਥੇਬੰਦੀ ਦੇ ਵੱਡੇ ਪੱਧਰ ਦੇ ਵਿਰੋਧ ਅਤੇ ਅਦਾਲਤ ਵੱਲੋਂ ਆਏ ਹੁਕਮਾਂ ਕਾਰਨ ਸਰਕਾਰ ਨੂੰ ਇਹ ਫ਼ੈਸਲਾ ਵਾਪਸ ਲੈਣਾ ਪਿਆ।
ਜਰਨਲ ਸਕੱਤਰ ਤਾਰਾ ਸਿੰਘ ਦੀ ਬਦਲੀ
ਜਥੇਬੰਦੀ ਆਗੂਆਂ ਦਾ ਕਹਿਣਾ ਹੈ ਕਿ ਹੁਣ ਸਰਕਾਰ ਨੇ ਨਿੱਜੀ ਰੰਜਿਸ ਰੱਖਦਿਆਂ ਜਰਨਲ ਸਕੱਤਰ ਤਾਰਾ ਸਿੰਘ ਦੀ ਬਦਲੀ ਲੁਧਿਆਣਾ ਕਰ ਦਿੱਤੀ ਹੈ। ਉਹਨਾਂ ਦਾ ਦੋਸ਼ ਹੈ ਕਿ ਸਰਕਾਰ ਮੁੜ ਨਿਗਮ ਦੇ 300 ਕਰੋੜ ਰੁਪਏ ਆਪਣੇ ਖਾਤੇ ਵਿੱਚ ਲਿਆਉਣ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਇਸ ਵਿਰੋਧ ਕਾਰਨ ਹੀ ਤਾਰਾ ਸਿੰਘ ਨੂੰ ਟਾਰਗੇਟ ਕੀਤਾ ਗਿਆ।
ਜਥੇਬੰਦੀ ਦਾ ਰੋਸ ਅਤੇ ਮੀਟਿੰਗਾਂ
ਜਥੇਬੰਦੀ ਦੇ ਪ੍ਰਧਾਨ ਦੀਪਾ ਰਾਮ ਨੇ ਗੇਟ ਮੀਟਿੰਗ ਦੌਰਾਨ ਦੱਸਿਆ ਕਿ ਅੱਜ ਉੱਚ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ, ਪਰ ਕੋਈ ਹੱਲ ਨਹੀਂ ਨਿਕਲਿਆ। ਜਥੇਬੰਦੀ ਨੇ ਸਾਫ਼ ਕਰ ਦਿੱਤਾ ਹੈ ਕਿ ਹੁਣ ਸੰਘਰਸ਼ ਰੁਕੇਗਾ ਨਹੀਂ।
ਬਾਈਕਾਟ ਦਾ ਐਲਾਨ
ਦੀਪਾ ਰਾਮ ਨੇ ਘੋਸ਼ਣਾ ਕੀਤੀ ਕਿ ਕੱਲ੍ਹ ਤੋਂ ਉਦਯੋਗ ਭਵਨ, ਚੰਡੀਗੜ੍ਹ ਸਥਿਤ ਮੁੱਖ ਦਫਤਰ ਦੇ ਗਰਾਊਂਡ ਫਲੋਰ ‘ਤੇ ਦਫਤਰੀ ਕੰਮਾਂ ਦਾ ਪੂਰਾ ਬਾਈਕਾਟ ਕੀਤਾ ਜਾਵੇਗਾ। ਇਹ ਸੰਘਰਸ਼ ਉਸ ਸਮੇਂ ਤੱਕ ਜਾਰੀ ਰਹੇਗਾ ਜਦ ਤੱਕ ਤਾਰਾ ਸਿੰਘ ਦੀ ਬਦਲੀ ਦੇ ਹੁਕਮ ਵਾਪਸ ਨਹੀਂ ਲਏ ਜਾਂਦੇ।
ਜਥੇਬੰਦੀ ਦੀ ਚੇਤਾਵਨੀ
ਜਥੇਬੰਦੀ ਨੇ ਸਪਸ਼ਟ ਕਿਹਾ ਹੈ ਕਿ ਨਿਗਮ ਦੇ ਪੈਸਿਆਂ ਨੂੰ ਸਰਕਾਰ ਦੇ ਖਾਤੇ ਵਿੱਚ ਟਰਾਂਸਫਰ ਕਰਨ ਦੀ ਕਿਸੇ ਵੀ ਕੋਸ਼ਿਸ਼ ਦਾ ਸਖ਼ਤ ਵਿਰੋਧ ਕੀਤਾ ਜਾਵੇਗਾ ਅਤੇ ਇਹ ਲੜਾਈ ਅੰਤ ਤੱਕ ਚਲਾਈ ਜਾਵੇਗੀ।