ਪਟਨਾ :- ਪਟਨਾ ਹਾਈਕੋਰਟ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਹਨਾਂ ਦੀ ਸਵਰਗੀ ਮਾਂ ਹੀਰਾਬੇਨ ਦੇ ਸਬੰਧ ਵਿੱਚ ਬਣਾਈ ਗਈ AI ਵੀਡੀਓ ਮਾਮਲੇ ‘ਚ ਵੱਡਾ ਫ਼ੈਸਲਾ ਸੁਣਾਇਆ ਹੈ। ਅਦਾਲਤ ਨੇ ਕਾਂਗਰਸ ਨੂੰ ਤੁਰੰਤ ਸੋਸ਼ਲ ਮੀਡੀਆ ਤੋਂ ਇਹ ਵੀਡੀਓ ਹਟਾਉਣ ਦੇ ਹੁਕਮ ਦਿੱਤੇ ਹਨ।
ਵੀਡੀਓ ਨਾਲ ਖੜ੍ਹਾ ਹੋਇਆ ਵਿਵਾਦ
ਬਿਹਾਰ ‘ਚ ਵੋਟ ਅਧਿਕਾਰ ਯਾਤਰਾ ਦੌਰਾਨ ਏਆਈ ਰਾਹੀਂ ਤਿਆਰ ਕੀਤੀ ਗਈ 36 ਸੈਕਿੰਡ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਤੋਂ ਬਾਅਦ ਵਿਵਾਦ ਖੜ੍ਹਾ ਹੋ ਗਿਆ ਸੀ। ਇਸ ਵੀਡੀਓ ‘ਚ ਇਕ ਵਿਅਕਤੀ, ਜੋ ਮੋਦੀ ਨਾਲ ਮਿਲਦਾ-ਜੁਲਦਾ ਦਿਖਾਇਆ ਗਿਆ ਹੈ, ਅਤੇ ਇਕ ਬਜ਼ੁਰਗ ਔਰਤ, ਜੋ ਉਹਨਾਂ ਦੀ ਮਾਤਾ ਵਰਗੀ ਲੱਗਦੀ ਹੈ, ਨੂੰ ਦਰਸਾਇਆ ਗਿਆ ਹੈ। ਕੈਪਸ਼ਨ ‘ਚ ਲਿਖਿਆ ਗਿਆ ਸੀ—“ਸਾਹਿਬ ਦੇ ਸੁਪਨਿਆਂ ‘ਚ ਆਈ ਮਾਂ। ਦੇਖੋ ਰੋਚਕ ਗੱਲਬਾਤ।”
ਕੀ ਸੀ ਵੀਡੀਓ ਵਿੱਚ?
ਵੀਡੀਓ ‘ਚ ਦਰਸਾਇਆ ਗਿਆ ਸੀ ਕਿ ਮਾਂ ਸੁਪਨੇ ‘ਚ ਪੁੱਛਦੀ ਹੈ—“ਬੇਟਾ, ਪਹਿਲਾਂ ਤੂੰ ਮੈਨੂੰ ਨੋਟਬੰਦੀ ਦੀਆਂ ਲਾਈਨਾਂ ‘ਚ ਖੜਾ ਕੀਤਾ, ਫਿਰ ਮੇਰੇ ਪੈਰ ਧੋਣ ਦੀਆਂ ਰੀਲਾਂ ਬਣਵਾਈਆਂ ਅਤੇ ਹੁਣ ਬਿਹਾਰ ‘ਚ ਮੇਰੇ ਨਾਂ ‘ਤੇ ਰਾਜਨੀਤੀ ਕਰ ਰਹੇ ਹੋ। ਸਿਆਸਤ ਲਈ ਹੋਰ ਕਿੰਨਾ ਡਿਗੋਗੇ?” ਇਸ ਸਮੱਗਰੀ ਨੂੰ ਲੈ ਕੇ ਭਾਜਪਾ ਨੇ ਇਸਨੂੰ ਪਰਿਵਾਰਕ ਸਨਮਾਨ ‘ਤੇ ਸਿੱਧਾ ਹਮਲਾ ਦੱਸਿਆ।
FIR ਦਰਜ
ਇਸ ਮਾਮਲੇ ‘ਚ ਦਿੱਲੀ ਪੁਲਿਸ ਨੇ ਬਿਹਾਰ ਕਾਂਗਰਸ ਦੇ ਅਧਿਕਾਰਤ ਸੋਸ਼ਲ ਮੀਡੀਆ ਹੈਂਡਲ ‘ਐਕਸ’ (ਪਹਿਲਾਂ ਟਵਿੱਟਰ) ‘ਤੇ AI/ਡੀਪਫੇਕ ਵੀਡੀਓ ਸ਼ੇਅਰ ਕਰਨ ਲਈ ਐਫਆਈਆਰ ਦਰਜ ਕੀਤੀ ਹੈ। ਹਾਈਕੋਰਟ ਨੇ ਵੀਡੀਓ ਨੂੰ ਤੁਰੰਤ ਹਟਾਉਣ ਦਾ ਹੁਕਮ ਜਾਰੀ ਕਰਦਿਆਂ ਇਸਨੂੰ ਨੈਤਿਕਤਾ ਤੇ ਮਰਯਾਦਾ ਵਿਰੁੱਧ ਕਿਰਿਆ ਕਿਹਾ ਹੈ।