ਨਵੀਂ ਦਿੱਲੀ :- ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਵਿਰੋਧੀ ਧਿਰ ਵੱਲੋਂ ਲਗਾਏ ਜਾ ਰਹੇ ‘ਵੋਟ ਚੋਰੀ’ ਦੇ ਦੋਸ਼ਾਂ ਨੂੰ ਨਕਾਰਦਿਆਂ ਮੰਗਲਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹੱਕ ਵਿੱਚ ਵੱਡਾ ਬਿਆਨ ਦਿੱਤਾ। ਉਨ੍ਹਾਂ ਕਿਹਾ ਕਿ ਮੋਦੀ ਵੋਟਾਂ ਨਹੀਂ, ਸਗੋਂ ਲੋਕਾਂ ਦੇ ਦਿਲ ਜਿੱਤਦੇ ਹਨ ਅਤੇ ਕੌਮਾਂਤਰੀ ਪੱਧਰ ’ਤੇ ਭਾਰਤ ਦੀ ਇੱਜ਼ਤ ਵਧਾਉਣ ਵਿੱਚ ਉਨ੍ਹਾਂ ਦੀ ਭੂਮਿਕਾ ਮਹੱਤਵਪੂਰਨ ਹੈ।
ਵਿਰੋਧੀਆਂ ’ਤੇ ਗੰਦੀ ਸਿਆਸਤ ਖੇਡਣ ਦੇ ਇਲਜ਼ਾਮ
ਰੇਖਾ ਗੁਪਤਾ ਨੇ ਕਿਹਾ ਕਿ ਮੋਦੀ ਦੇਸ਼ ਵਿੱਚ ਨਵੀਂ ਉਰਜਾ ਲੈ ਕੇ ਆਏ ਹਨ ਪਰ ਵਿਰੋਧੀ ਪਾਰਟੀਆਂ ਇਸ ਤਰੱਕੀ ਨੂੰ ਹਜ਼ਮ ਨਹੀਂ ਕਰ ਸਕਦੀਆਂ। ਉਨ੍ਹਾਂ ਦੇ ਅਨੁਸਾਰ, ਗਰੀਬਾਂ ਲਈ ਚਲਾਏ ਗਏ ਕਈ ਯੋਜਨਾਵਾਂ ਦਾ ਸਿੱਧਾ ਲਾਭ ਆਮ ਲੋਕਾਂ ਨੂੰ ਮਿਲ ਰਿਹਾ ਹੈ ਜਿਸ ਕਰਕੇ ਵਿਰੋਧੀ ਧਿਰ ਬੇਚੈਨ ਹੈ। ਮੁੱਖ ਮੰਤਰੀ ਨੇ ਇਲਜ਼ਾਮ ਲਗਾਇਆ ਕਿ ਵਿਰੋਧੀ ਧਿਰ ਸਿਰਫ਼ ਗੰਦੀ ਸਿਆਸਤ ਕਰਕੇ ਪ੍ਰਧਾਨ ਮੰਤਰੀ ਦੀ ਛਵੀ ਨੂੰ ਖ਼ਰਾਬ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
ਮੋਦੀ ਦੀ ਤੁਲਨਾ ਭਗਵਾਨ ਕ੍ਰਿਸ਼ਨ ਨਾਲ
ਪ੍ਰਧਾਨ ਮੰਤਰੀ ਦੀ ਸ਼ਲਾਘਾ ਕਰਦਿਆਂ ਰੇਖਾ ਗੁਪਤਾ ਨੇ ਉਨ੍ਹਾਂ ਨੂੰ ‘ਮਨ ਕੇ ਚੋਰ’ ਕਰਾਰ ਦਿੱਤਾ ਅਤੇ ਕਿਹਾ ਕਿ ਜਿਵੇਂ ਭਗਵਾਨ ਕ੍ਰਿਸ਼ਨ ਨੂੰ ‘ਮੱਖਣ ਚੋਰ’ ਕਿਹਾ ਜਾਂਦਾ ਹੈ, ਓਸੇ ਤਰ੍ਹਾਂ ਮੋਦੀ ਲੋਕਾਂ ਦੇ ਦਿਲਾਂ ਦੇ ਚੋਰ ਹਨ। ਉਨ੍ਹਾਂ ਗਾਂਧੀ ਪਰਿਵਾਰ ’ਤੇ ਭਾਈ-ਭਤੀਜਾਵਾਦ ਨੂੰ ਵਧਾਉਣ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ਮੋਦੀ ਇੱਕ ‘ਸੰਤ’ ਹਨ ਜਿਨ੍ਹਾਂ ਨੇ ਆਪਣਾ ਪੂਰਾ ਜੀਵਨ ਦੇਸ਼ ਦੀ ਸੇਵਾ ਲਈ ਸਮਰਪਿਤ ਕੀਤਾ ਹੈ।
ਮੋਦੀ ਦੇ ਜਨਮ ਦਿਨ ਲਈ ਖ਼ਾਸ ਗੀਤ ਜਾਰੀ
ਇਸ ਮੌਕੇ ’ਤੇ ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 75ਵੇਂ ਜਨਮ ਦਿਨ ਲਈ ਇਕ ਵਿਸ਼ੇਸ਼ ਗੀਤ ਜਾਰੀ ਕੀਤਾ। ਸਿੱਖਿਆ ਵਿਭਾਗ ਵੱਲੋਂ ਤਿਆਰ ਕੀਤਾ ਗਿਆ ਇਹ ਗੀਤ ‘ਨਮੋ ਪ੍ਰਗਤੀ ਦਿੱਲੀ ਬਾਲ ਸਵਰ ਸੇ ਰਾਸ਼ਟਰ ਸਵਰ ਤਕ’ ਦੇ ਨਾਮ ਨਾਲ ਪੇਸ਼ ਕੀਤਾ ਗਿਆ ਹੈ ਜਿਸਨੂੰ ਵਿਦਿਆਰਥੀ 21 ਭਾਸ਼ਾਵਾਂ ਵਿੱਚ ਗਾ ਰਹੇ ਹਨ।
ਪਿਛਲੀਆਂ ਸਰਕਾਰਾਂ ’ਤੇ ਉਲੰਘਣਾਂ ਦੇ ਦੋਸ਼
ਰੇਖਾ ਗੁਪਤਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੋਦੀ ਸਾਲਾਂ ਤੋਂ ਦਿੱਲੀ ਲਈ ਜੀਵਨ ਰੇਖਾ ਵਾਂਗ ਕੰਮ ਕਰ ਰਹੇ ਹਨ ਪਰ ਪਿਛਲੀਆਂ ਸਰਕਾਰਾਂ ਨੇ ਉਨ੍ਹਾਂ ਦੀ ਲਗਾਤਾਰ ਨਿੰਦਾ ਕੀਤੀ ਅਤੇ ਅਣਉਚਿਤ ਸ਼ਬਦ ਵਰਤੇ। ਉਨ੍ਹਾਂ ਕਿਹਾ ਕਿ ਅੱਜ ਦਿੱਲੀ ਸਰਕਾਰ ਉਨ੍ਹਾਂ ਦੇ ਯੋਗਦਾਨ ਲਈ ਸੱਚੇ ਮਨੋਂ ਧੰਨਵਾਦ ਪ੍ਰਗਟ ਕਰਦੀ ਹੈ।