ਚੰਡੀਗੜ੍ਹ :- ਮੌਨਸੂਨ ਹੁਣ ਪੰਜਾਬ ਤੋਂ ਵਾਪਸੀ ਦੇ ਰਾਹ ਉੱਤੇ ਹੈ ਅਤੇ 20 ਸਤੰਬਰ ਤੱਕ ਪੂਰੀ ਤਰ੍ਹਾਂ ਰਵਾਨਾ ਹੋ ਜਾਵੇਗਾ। ਇਸ ਦੌਰਾਨ ਸੂਬੇ ਦੇ ਸੈਂਟਰਲ ਹਿੱਸਿਆਂ ਵਿੱਚੋਂ ਲੰਘਦੇ ਹੋਏ ਕਈ ਥਾਵਾਂ ਤੇ ਬੂੰਦਾਬਾਂਦੀ ਹੋਵੇਗੀ। ਅੱਜ, 16 ਸਤੰਬਰ ਨੂੰ ਕਈ ਇਲਾਕਿਆਂ ਵਿੱਚ ਬੱਦਲ ਛਾਏ ਰਹਿਣਗੇ ਅਤੇ ਹਲਕੀ ਬਾਰਿਸ਼ ਹੋ ਸਕਦੀ ਹੈ।
17–18 ਸਤੰਬਰ: ਭਾਰੀ ਬਾਰਿਸ਼ ਦੀ ਸੰਭਾਵਨਾ
ਮੌਸਮ ਵਿਭਾਗ ਮੁਤਾਬਕ 17 ਤੇ 18 ਸਤੰਬਰ ਨੂੰ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਭਾਰੀ ਬਾਰਿਸ਼ ਹੋ ਸਕਦੀ ਹੈ। ਖਾਸ ਕਰਕੇ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਹੁਸ਼ਿਆਰਪੁਰ, ਨਵਾਂਸ਼ਹਿਰ, ਰੂਪਨਗਰ ਅਤੇ ਮੋਹਾਲੀ ਵਿੱਚ ਮੀਂਹ ਦੀ ਉਮੀਦ ਹੈ। ਇਸ ਤੋਂ ਇਲਾਵਾ ਤਰਨਤਾਰਨ, ਕਪੂਰਥਲਾ, ਜਲੰਧਰ, ਲੁਧਿਆਣਾ, ਬਰਨਾਲਾ, ਮਾਨਸਾ, ਸੰਗਰੂਰ, ਫਤਿਹਗੜ੍ਹ ਸਾਹਿਬ ਅਤੇ ਪਟਿਆਲਾ ਵਿੱਚ ਵੀ ਬਾਰਿਸ਼ ਪੈ ਸਕਦੀ ਹੈ।
ਤਾਪਮਾਨ ‘ਚ ਹੌਲੀ ਗਿਰਾਵਟ
ਲੁਧਿਆਣਾ ਵਿੱਚ ਵੱਧ ਤੋਂ ਵੱਧ ਤਾਪਮਾਨ 37.6 ਡਿਗਰੀ ਸੈਲਸੀਅਸ, ਜਦਕਿ ਪਠਾਨਕੋਟ ਵਿੱਚ ਘੱਟੋ-ਘੱਟ 23.6 ਡਿਗਰੀ ਸੈਲਸੀਅਸ ਦਰਜ ਹੋਇਆ। ਮੌਸਮ ਵਿਭਾਗ ਨੇ ਕਿਹਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਮੀਂਹ ਨਾਲ ਤਾਪਮਾਨ ਵਿੱਚ ਥੋੜ੍ਹੀ ਗਿਰਾਵਟ ਆਵੇਗੀ ਅਤੇ ਲੋਕਾਂ ਨੂੰ ਨਮੀ ਵਾਲੀ ਗਰਮੀ ਤੋਂ ਰਾਹਤ ਮਿਲੇਗੀ। ਹਾਲਾਂਕਿ, ਭਾਰੀ ਮੀਂਹ ਜਾਂ ਤੂਫਾਨ ਦੀ ਕੋਈ ਚੇਤਾਵਨੀ ਜਾਰੀ ਨਹੀਂ ਕੀਤੀ ਗਈ।
ਕਿਸਾਨਾਂ ਲਈ ਸਲਾਹ
ਮੌਸਮ ਵਿਭਾਗ ਨੇ ਕਿਸਾਨਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਬਾਰਿਸ਼ ਦੇ ਮੱਦੇਨਜ਼ਰ ਆਪਣੀਆਂ ਫਸਲਾਂ ਦਾ ਵਿਸ਼ੇਸ਼ ਧਿਆਨ ਰੱਖਣ। ਮੀਂਹ ਕਾਰਨ ਮਾਹੌਲ ਠੰਡਾ ਹੋਵੇਗਾ ਅਤੇ ਮੌਸਮ ਸੁਹਾਵਣਾ ਰਹੇਗਾ।
ਪਹਾੜੀ ਖੇਤਰਾਂ ਵਿੱਚ ਘੱਟ ਮੀਂਹ ਪੈਣ ਕਾਰਨ ਪੰਜਾਬ ਦੇ ਦਰਿਆਵਾਂ ਦਾ ਪਾਣੀ ਪੱਧਰ ਲਗਾਤਾਰ ਘਟ ਰਿਹਾ ਹੈ ਅਤੇ ਸਥਿਤੀ ਹੌਲੀ-ਹੌਲੀ ਆਮ ਹੋ ਰਹੀ ਹੈ।