ਚੰਡੀਗੜ੍ਹ :- ਪੰਜਾਬ ਅੰਦਰ ਝੋਨੇ ਦੀ ਸਰਕਾਰੀ ਖਰੀਦ 16 ਸਤੰਬਰ ਤੋਂ ਸ਼ੁਰੂ ਹੋਣ ਜਾ ਰਹੀ ਹੈ। ਏਸ਼ੀਆ ਦੀ ਸਭ ਤੋਂ ਵੱਡੀ ਦਾਣਾ ਮੰਡੀ ਖੰਨਾ ਵਿੱਚ ਖਰੀਦ ਲਈ ਸਾਰੇ ਪ੍ਰਬੰਧ ਪੂਰੇ ਕਰ ਲਏ ਗਏ ਹਨ। ਆੜ੍ਹਤੀ ਅਤੇ ਕਿਸਾਨ ਖਰੀਦ ਪ੍ਰਬੰਧਾਂ ਨਾਲ ਖੁਸ਼ ਹਨ, ਪਰ ਇਸ ਵਾਰ ਹੜ੍ਹਾਂ ਅਤੇ ਮੌਸਮੀ ਮਾਰ ਨੂੰ ਲੈ ਕੇ ਚਿੰਤਾ ਦਾ ਮਾਹੌਲ ਵੀ ਹੈ।
“ਫਸਲ ਨੂੰ ਆਉਣ ਵਿੱਚ ਹਾਲੇ ਹਫ਼ਤਾ ਲੱਗੇਗਾ” – ਆੜ੍ਹਤੀ ਪ੍ਰਧਾਨ
ਆੜ੍ਹਤੀ ਐਸੋਸੀਏਸ਼ਨ ਪ੍ਰਧਾਨ ਹਰਬੰਸ ਸਿੰਘ ਰੋਸ਼ਾ ਨੇ ਕਿਹਾ ਕਿ ਹਾਲੇ ਫਸਲ ਨੂੰ ਆਉਣ ਵਿੱਚ ਇਕ ਹਫ਼ਤੇ ਦਾ ਸਮਾਂ ਲੱਗ ਸਕਦਾ ਹੈ। ਉਨ੍ਹਾਂ ਕਿਹਾ ਕਿ ਖਰੀਦ 16 ਸਤੰਬਰ ਤੋਂ ਤਹਿ ਮੁਤਾਬਕ ਸ਼ੁਰੂ ਹੋ ਜਾਵੇਗੀ ਅਤੇ ਸਾਰੇ ਇੰਤਜ਼ਾਮ ਕਰ ਲਏ ਗਏ ਹਨ। ਰੋਸ਼ਾ ਨੇ ਇਹ ਵੀ ਚਿੰਤਾ ਜ਼ਾਹਿਰ ਕੀਤੀ ਕਿ ਇਸ ਵਾਰ ਹੜ੍ਹਾਂ ਦੇ ਕਾਰਨ ਸੂਬੇ ਦਾ ਖਰੀਦ ਟਾਰਗੇਟ ਪੂਰਾ ਕਰਨਾ ਮੁਸ਼ਕਲ ਹੋ ਸਕਦਾ ਹੈ।
“ਸਾਰੇ ਕੇਂਦਰ ਤਿਆਰ ਹਨ” – ਮਾਰਕੀਟ ਕਮੇਟੀ ਚੇਅਰਮੈਨ
ਮਾਰਕੀਟ ਕਮੇਟੀ ਖੰਨਾ ਦੇ ਚੇਅਰਮੈਨ ਜਗਤਾਰ ਸਿੰਘ ਗਿੱਲ ਨੇ ਦੱਸਿਆ ਕਿ ਮੰਡੀ ਦੇ ਸਾਰੇ ਖਰੀਦ ਕੇਂਦਰਾਂ ‘ਚ ਪ੍ਰਬੰਧ ਮੁਕੰਮਲ ਹਨ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਜਿਵੇਂ–ਜਿਵੇਂ ਫਸਲ ਮੰਡੀ ‘ਚ ਪਹੁੰਚੇਗੀ, ਕਿਸਾਨਾਂ ਨੂੰ ਖਰੀਦ ਪ੍ਰਕਿਰਿਆ ਵਿੱਚ ਕਿਸੇ ਵੀ ਕਿਸਮ ਦੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ।