ਚੰਡੀਗੜ੍ਹ :- ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਹਰ ਸਾਲ ਪਾਕਿਸਤਾਨ ਜਾਣ ਵਾਲੇ ਸਿੱਖ ਸ਼ਰਧਾਲੂਆਂ ਦਾ ਜੱਥਾ ਇਸ ਵਾਰ ਨਨਕਾਣਾ ਸਾਹਿਬ ਨਹੀਂ ਭੇਜਿਆ ਜਾਵੇਗਾ। ਕੇਂਦਰ ਸਰਕਾਰ ਦੇ ਗ੍ਰਹਿ ਮੰਤਰਾਲੇ ਨੇ ਪੰਜਾਬ ਸਮੇਤ ਕਈ ਸੂਬਿਆਂ ਦੇ ਮੁੱਖ ਸਕੱਤਰਾਂ ਨੂੰ ਪੱਤਰ ਭੇਜ ਕੇ ਦੱਸਿਆ ਹੈ ਕਿ ਮੌਜੂਦਾ ਸੁਰੱਖਿਆ ਹਾਲਾਤਾਂ ਕਰਕੇ ਨਵੰਬਰ 2025 ਦੀ ਯਾਤਰਾ ਸੰਭਵ ਨਹੀਂ ਹੈ।
ਸੂਬਿਆਂ ਨੂੰ ਮਿਲਿਆ ਪੱਤਰ
ਪੱਤਰ ਵਿੱਚ ਕਿਹਾ ਗਿਆ ਹੈ ਕਿ ਭਾਰਤ-ਪਾਕਿਸਤਾਨ ਵਿਚਾਲੇ ਚੱਲ ਰਹੇ ਤਣਾਅ ਨੂੰ ਧਿਆਨ ਵਿੱਚ ਰੱਖਦੇ ਹੋਏ ਕੋਈ ਵੀ ਜਥਾ ਨਹੀਂ ਭੇਜਿਆ ਜਾਵੇ। ਨਾਲ ਹੀ ਸੂਬਿਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਸ਼ਰਧਾਲੂਆਂ ਤੋਂ ਪਾਸਪੋਰਟ ਜਾਂ ਅਰਜ਼ੀਆਂ ਇਕੱਠੀਆਂ ਕਰਨ ਦੀ ਪ੍ਰਕਿਰਿਆ ਵੀ ਸ਼ੁਰੂ ਨਾ ਕੀਤੀ ਜਾਵੇ।
ਵਿਛੜੇ ਗੁਰਧਾਮਾਂ ਦੇ ਦਰਸ਼ਨਾਂ ਤੋਂ ਵਾਂਝੇ ਰਹਿਣਗੇ ਸ਼ਰਧਾਲੂ
ਹਰ ਸਾਲ ਸ਼੍ਰੋਮਣੀ ਕਮੇਟੀ ਵੱਲੋਂ ਪੰਜਾਬ, ਹਰਿਆਣਾ, ਦਿੱਲੀ, ਰਾਜਸਥਾਨ, ਗੁਜਰਾਤ, ਜੰਮੂ ਕਸ਼ਮੀਰ, ਉੱਤਰਾਖੰਡ ਅਤੇ ਉੱਤਰ ਪ੍ਰਦੇਸ਼ ਸਮੇਤ ਹੋਰ ਸੂਬਿਆਂ ਤੋਂ ਸ਼ਰਧਾਲੂਆਂ ਦਾ ਜੱਥਾ ਪਾਕਿਸਤਾਨ ਭੇਜਿਆ ਜਾਂਦਾ ਹੈ। ਇਹ ਸੰਗਤ ਸ੍ਰੀ ਨਨਕਾਣਾ ਸਾਹਿਬ, ਗੁਰਦੁਆਰਾ ਪੰਜਾ ਸਾਹਿਬ ਹਸਨ ਅਬਦਾਲ, ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ, ਗੁਰਦੁਆਰਾ ਸੱਚਾ ਸੌਦਾ, ਗੁਰਦੁਆਰਾ ਰੋੜੀ ਸਾਹਿਬ ਆਦਿ ਇਤਿਹਾਸਕ ਗੁਰਧਾਮਾਂ ਦੇ ਦਰਸ਼ਨ ਕਰਦੀ ਹੈ। ਪਰ ਇਸ ਵਾਰ ਇਹ ਯਾਤਰਾ ਨਾ ਹੋਣ ਕਾਰਨ ਸਿੱਖ ਸੰਗਤਾਂ ਦਰਸ਼ਨਾਂ ਤੋਂ ਵਾਂਝੀਆਂ ਰਹਿਣਗੀਆਂ।
ਪਿਛਲੇ ਹਮਲੇ ਤੇ ਸਰਹੱਦੀ ਹਾਲਾਤ ਕਾਰਨ ਫ਼ੈਸਲਾ
ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਨੇ ਪਾਕਿਸਤਾਨ ਨਾਲ ਕਈ ਸਬੰਧ ਤੋੜੇ ਸਨ। ਅਟਾਰੀ ਸਰਹੱਦ ਰਾਹੀਂ ਵਪਾਰ ਅਤੇ ਆਵਾਜਾਈ ਵੀ ਰੋਕ ਦਿੱਤੀ ਗਈ ਸੀ। ਦੋਵਾਂ ਦੇਸ਼ਾਂ ਵਿਚਾਲੇ ਤਣਾਅ ਵਧਣ ਕਾਰਨ ਕੇਂਦਰ ਸਰਕਾਰ ਨੇ ਇਹ ਫ਼ੈਸਲਾ ਲਿਆ ਹੈ।
SGPC ਨੇ ਦਿੱਤਾ ਪ੍ਰਤੀਕਰਮ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬੁਲਾਰੇ ਨੇ ਕਿਹਾ ਕਿ ਉਨ੍ਹਾਂ ਨੂੰ ਅਜੇ ਤੱਕ ਕੇਂਦਰ ਵਲੋਂ ਕੋਈ ਅਧਿਕਾਰਤ ਪੱਤਰ ਨਹੀਂ ਮਿਲਿਆ। ਪੱਤਰ ਸੂਬਾ ਸਰਕਾਰਾਂ ਨੂੰ ਭੇਜਿਆ ਗਿਆ ਹੈ ਤੇ ਉਹਨਾਂ ਵੱਲੋਂ ਜਾਣਕਾਰੀ ਮਿਲਣ ਮਗਰੋਂ ਹੀ ਅਗਲਾ ਕਦਮ ਚੁੱਕਿਆ ਜਾਵੇਗਾ। SGPC ਨੇ ਇਹ ਵੀ ਸਵਾਲ ਚੁੱਕਿਆ ਕਿ ਜੇਕਰ ਭਾਰਤ ਤੇ ਪਾਕਿਸਤਾਨ ਦੀਆਂ ਕ੍ਰਿਕਟ ਟੀਮਾਂ ਵਿਚਾਲੇ ਮੈਚ ਹੋ ਸਕਦੇ ਹਨ ਤਾਂ ਸਿੱਖ ਸ਼ਰਧਾਲੂਆਂ ਨੂੰ ਵੀ ਵਿਛੜੇ ਗੁਰਧਾਮਾਂ ਦੇ ਦਰਸ਼ਨ ਦਾ ਮੌਕਾ ਮਿਲਣਾ ਚਾਹੀਦਾ ਹੈ। ਸੰਗਤਾਂ ਵੱਲੋਂ ਕਰਤਾਰਪੁਰ ਲਾਂਘਾ ਖੋਲ੍ਹਣ ਦੀ ਮੰਗ ਵੀ ਕੀਤੀ ਜਾ ਰਹੀ ਹੈ।