ਚੰਡੀਗੜ੍ਹ :- ਏਸ਼ੀਆ ਕੱਪ 2025 ਦੇ ਗਰੁੱਪ ਮੈਚ ਵਿੱਚ ਭਾਰਤ ਨੇ ਪਾਕਿਸਤਾਨ ਨੂੰ 7 ਵਿਕਟਾਂ ਨਾਲ ਹਰਾਕੇ ਸ਼ਾਨਦਾਰ ਜਿੱਤ ਦਰਜ ਕੀਤੀ। ਦੁਬਈ ਇੰਟਰਨੈਸ਼ਨਲ ਸਟੇਡੀਅਮ ਵਿੱਚ ਖੇਡੇ ਗਏ ਇਸ ਮੈਚ ਵਿੱਚ ਕਪਤਾਨ ਸੂਰਿਆਕੁਮਾਰ ਯਾਦਵ ਨੇ ਨਾ ਸਿਰਫ਼ ਟੀਮ ਨੂੰ ਜਿੱਤ ਤੱਕ ਪਹੁੰਚਾਇਆ, ਸਗੋਂ ਆਪਣੇ ਜਨਮਦਿਨ ‘ਤੇ ਦੇਸ਼ ਅਤੇ ਸ਼ਹੀਦਾਂ ਲਈ ਭਾਵੁਕ ਸੰਦੇਸ਼ ਵੀ ਦਿੱਤਾ। ਹਜ਼ਾਰਾਂ ਪ੍ਰਸ਼ੰਸਕਾਂ ਨੇ ਸਟੇਡੀਅਮ ਵਿੱਚ ਤਾੜੀਆਂ ਵਜਾਕੇ ਉਨ੍ਹਾਂ ਦੇ ਜਨਮਦਿਨ ਨੂੰ ਖ਼ਾਸ ਬਣਾ ਦਿੱਤਾ।
ਜਿੱਤ ਨੂੰ ਸ਼ਹੀਦਾਂ ਅਤੇ ਸੁਰੱਖਿਆ ਬਲਾਂ ਨੂੰ ਸਮਰਪਿਤ ਕੀਤਾ
ਮੈਚ ਤੋਂ ਬਾਅਦ ਸੂਰਿਆਕੁਮਾਰ ਯਾਦਵ ਨੇ ਕਿਹਾ, “ਇਹ ਜਿੱਤ ਮੈਂ ਆਪਣੇ ਸਾਰੇ ਸੁਰੱਖਿਆ ਬਲਾਂ ਨੂੰ ਸਮਰਪਿਤ ਕਰਦਾ ਹਾਂ, ਜਿਨ੍ਹਾਂ ਨੇ ਪਹਿਲਗਾਮ ਹਮਲੇ ਦੌਰਾਨ ਬੇਮਿਸਾਲ ਬਹਾਦਰੀ ਦਿਖਾਈ। ਅਸੀਂ ਉਨ੍ਹਾਂ ਦੇ ਪਰਿਵਾਰਾਂ ਦੇ ਨਾਲ ਖੜ੍ਹੇ ਹਾਂ। ਉਮੀਦ ਹੈ ਕਿ ਉਹ ਸਾਨੂੰ ਹਮੇਸ਼ਾ ਪ੍ਰੇਰਿਤ ਕਰਦੇ ਰਹਿਣਗੇ ਅਤੇ ਸਾਨੂੰ ਉਨ੍ਹਾਂ ਨੂੰ ਮੁਸਕਰਾਉਣ ਦੇ ਹੋਰ ਕਾਰਨ ਦੇਣੇ ਪੈਣ।”
ਹਮਲੇ ਤੋਂ ਬਾਅਦ ਪਹਿਲੀ ਟੱਕਰ
ਦੱਸਣਯੋਗ ਹੈ ਕਿ 22 ਅਪ੍ਰੈਲ ਨੂੰ ਪਹਿਲਗਾਮ ਅੱਤਵਾਦੀ ਹਮਲੇ ਅਤੇ 7 ਮਈ ਨੂੰ ਆਪ੍ਰੇਸ਼ਨ ਸਿੰਦੂਰ ਤੋਂ ਬਾਅਦ, ਇਹ ਪਹਿਲਾ ਮੌਕਾ ਸੀ ਜਦੋਂ ਭਾਰਤ ਤੇ ਪਾਕਿਸਤਾਨ ਦੀਆਂ ਟੀਮਾਂ ਆਹਮੋ-ਸਾਹਮਣੇ ਹੋਈਆਂ। ਇਸ ਹਮਲੇ ਵਿੱਚ 26 ਲੋਕਾਂ ਦੀ ਜਾਨ ਗਈ ਸੀ। ਅਜਿਹੇ ਮਾਹੌਲ ਵਿੱਚ ਭਾਰਤੀ ਟੀਮ ਨੇ ਜਿੱਤ ਨਾਲ ਨਾ ਸਿਰਫ਼ ਮੈਦਾਨ ‘ਤੇ ਆਪਣਾ ਦਬਦਬਾ ਦਿਖਾਇਆ, ਸਗੋਂ ਦੇਸ਼ ਲਈ ਏਕਤਾ ਦਾ ਸੰਦੇਸ਼ ਵੀ ਦਿੱਤਾ।
ਟਾਸ ‘ਤੇ ਹੱਥ ਨਹੀਂ ਮਿਲਾਇਆ
ਮੈਚ ਤੋਂ ਪਹਿਲਾਂ ਟਾਸ ਦੌਰਾਨ ਸੂਰਿਆਕੁਮਾਰ ਯਾਦਵ ਨੇ ਪਾਕਿਸਤਾਨੀ ਕਪਤਾਨ ਨਾਲ ਹੱਥ ਮਿਲਾਉਣ ਤੋਂ ਇਨਕਾਰ ਕਰ ਦਿੱਤਾ। ਮੈਚ ਖ਼ਤਮ ਹੋਣ ਤੋਂ ਬਾਅਦ ਵੀ ਭਾਰਤੀ ਖਿਡਾਰੀਆਂ ਨੇ ਪਾਕਿਸਤਾਨੀ ਖਿਡਾਰੀਆਂ ਨਾਲ ਹੱਥ ਨਹੀਂ ਮਿਲਾਇਆ ਅਤੇ ਸਿੱਧੇ ਪਵੇਲੀਅਨ ਵਾਪਸ ਚਲੇ ਗਏ।
ਅੰਤ ਤੱਕ ਨਾਟ ਆਊਟ ਰਹਿਣ ਦੀ ਖ਼ਾਹਿਸ਼ ਪੂਰੀ ਹੋਈ
ਸੂਰਿਆਕੁਮਾਰ ਯਾਦਵ ਇਸ ਮੈਚ ਵਿੱਚ ਨਾਟ ਆਊਟ ਪਵੇਲੀਅਨ ਵਾਪਸ ਪਰਤੇ। ਉਨ੍ਹਾਂ ਕਿਹਾ, “ਇੱਕ ਬਾਕਸ ਜਿਸਨੂੰ ਮੈਂ ਹਮੇਸ਼ਾ ਟਿੱਕ ਕਰਨਾ ਚਾਹੁੰਦਾ ਸੀ, ਉਹ ਸੀ ਅੰਤ ਤੱਕ ਕ੍ਰੀਜ਼ ‘ਤੇ ਖੜ੍ਹਾ ਰਹਿਣਾ ਅਤੇ ਟੀਮ ਨੂੰ ਜਿੱਤ ਤੱਕ ਲਿਜਾਣਾ।” ਸੂਰਿਆ ਨੇ ਸਪਿਨਰਾਂ ਦੀ ਵੀ ਖ਼ਾਸ ਤਾਰੀਫ਼ ਕੀਤੀ, ਕਹਿੰਦੇ ਹੋਏ ਕਿ ਉਹ ਵਿਚਕਾਰਲੇ ਓਵਰਾਂ ਵਿੱਚ ਖੇਡ ਦਾ ਪੂਰਾ ਕੰਟਰੋਲ ਕਰਦੇ ਹਨ।
ਟੀਮ ਲਈ ਸਿਰਫ਼ ਇੱਕ ਹੋਰ ਮੈਚ
ਪਾਕਿਸਤਾਨ ਵਿਰੁੱਧ ਜਿੱਤ ਬਾਰੇ ਪੁੱਛੇ ਸਵਾਲ ‘ਤੇ ਭਾਰਤੀ ਕਪਤਾਨ ਨੇ ਕਿਹਾ, “ਸਾਡੇ ਲਈ ਇਹ ਸਿਰਫ਼ ਇੱਕ ਹੋਰ ਮੈਚ ਸੀ। ਅਸੀਂ ਹਰ ਵਿਰੋਧੀ ਦੇ ਖ਼ਿਲਾਫ਼ ਬਰਾਬਰ ਦੀ ਤਿਆਰੀ ਕਰਦੇ ਹਾਂ।”