ਚੰਡੀਗੜ੍ਹ :- ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਵਿੱਚ ਖੇਡੇ ਗਏ ਏਸ਼ੀਆ ਕੱਪ 2025 ਦੇ ਗਰੁੱਪ ਪੜਾਅ ਦੇ ਛੇਵੇਂ ਮੁਕਾਬਲੇ ਵਿੱਚ ਭਾਰਤ ਨੇ ਪਾਕਿਸਤਾਨ ਨੂੰ 7 ਵਿਕਟਾਂ ਨਾਲ ਹਰਾਕੇ ਸ਼ਾਨਦਾਰ ਜਿੱਤ ਦਰਜ ਕੀਤੀ। ਪਾਕਿਸਤਾਨ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ, ਪਰ ਇਹ ਫੈਸਲਾ ਉਸਦੀ ਟੀਮ ਲਈ ਘਾਤਕ ਸਾਬਤ ਹੋਇਆ। ਪੂਰੇ 20 ਓਵਰਾਂ ਵਿੱਚ ਪਾਕਿਸਤਾਨ 9 ਵਿਕਟਾਂ ਗੁਆ ਕੇ ਸਿਰਫ਼ 127 ਦੌੜਾਂ ਹੀ ਜੋੜ ਸਕਿਆ।
ਭਾਰਤੀ ਸਪਿੰਨਰਾਂ ਨੇ ਕੀਤਾ ਪਾਕਿਸਤਾਨ ਦਾ ਬੁਰਾ ਹਾਲ
ਕੁਲਦੀਪ ਯਾਦਵ ਦੀ ਅਗਵਾਈ ‘ਚ ਭਾਰਤੀ ਸਪਿੰਨਰਾਂ ਨੇ ਸ਼ਾਨਦਾਰ ਗੇਂਦਬਾਜ਼ੀ ਕਰਦਿਆਂ ਪਾਕਿਸਤਾਨ ਦੀ ਬੱਲੇਬਾਜ਼ੀ ਲਾਈਨਅਪ ਨੂੰ ਕਾਬੂ ‘ਚ ਰੱਖਿਆ। ਕੋਈ ਵੀ ਪਾਕਿਸਤਾਨੀ ਬੱਲੇਬਾਜ਼ ਵੱਡੀ ਪਾਰੀ ਨਹੀਂ ਖੇਡ ਸਕਿਆ ਅਤੇ ਟੀਮ ਸਿਰਫ਼ 127 ਦੌੜਾਂ ‘ਤੇ ਹੀ ਰੁਕ ਗਈ।
ਸੂਰਿਆਕੁਮਾਰ ਦੀ ਅਜੇਤੂ ਪਾਰੀ ਨਾਲ ਜਿੱਤ ਪੱਕੀ
128 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਟੀਮ ਇੰਡੀਆ ਦੀ ਸ਼ੁਰੂਆਤ ਤੇਜ਼ ਰਹੀ। ਅਭਿਸ਼ੇਕ ਨੇ ਕੇਵਲ 13 ਗੇਂਦਾਂ ‘ਤੇ 31 ਦੌੜਾਂ ਜੜ੍ਹ ਕੇ ਟੀਮ ਨੂੰ ਮਜ਼ਬੂਤ ਪਾਇਆ। ਗਿੱਲ ਜ਼ਰੂਰ 10 ਦੌੜਾਂ ‘ਤੇ ਆਊਟ ਹੋਏ, ਪਰ ਸੂਰਿਆਕੁਮਾਰ ਯਾਦਵ ਨੇ ਕਪਤਾਨੀ ਪਾਰੀ ਖੇਡਦਿਆਂ 47 ਦੌੜਾਂ ਦੀ ਅਜੇਤੂ ਇਨਿੰਗ ਖੇਡੀ। ਉਸਦਾ ਸਾਥ ਤਿਲਕ ਵਰਮਾ ਨੇ ਦਿੱਤਾ, ਜਿਸ ਨੇ 31 ਦੌੜਾਂ ਬਣਾਈਆਂ। ਦੋਵਾਂ ਵਿਚਕਾਰ 56 ਦੌੜਾਂ ਦੀ ਮਹੱਤਵਪੂਰਨ ਸਾਂਝੇਦਾਰੀ ਰਹੀ।
ਪਾਕਿਸਤਾਨ ਲਈ ਸੈਮ ਅਯੂਬ ਹੀ ਚਮਕੇ
ਪਾਕਿਸਤਾਨ ਦੀ ਬੋਲਿੰਗ ਲਾਈਨਅਪ ਵਿੱਚ ਸਿਰਫ਼ ਸੈਮ ਅਯੂਬ ਨੇ ਪ੍ਰਭਾਵ ਛੱਡਿਆ। ਉਸਨੇ ਭਾਰਤ ਦੀਆਂ ਤਿੰਨੋਂ ਵਿਕਟਾਂ ਹਾਸਲ ਕੀਤੀਆਂ। ਪਰ ਉਸਦੀ ਕੋਸ਼ਿਸ਼ ਵੀ ਟੀਮ ਨੂੰ ਹਾਰ ਤੋਂ ਨਹੀਂ ਬਚਾ ਸਕੀ।
ਭਾਰਤ ਦੀ ਲਗਾਤਾਰ ਦੂਜੀ ਜਿੱਤ
ਭਾਰਤ ਨੇ 15.5 ਓਵਰਾਂ ਵਿੱਚ 131 ਦੌੜਾਂ ਪੂਰੀਆਂ ਕਰਕੇ ਇਹ ਮੁਕਾਬਲਾ ਆਸਾਨੀ ਨਾਲ ਜਿੱਤ ਲਿਆ। ਇਹ ਏਸ਼ੀਆ ਕੱਪ ਵਿੱਚ ਟੀਮ ਇੰਡੀਆ ਦੀ ਲਗਾਤਾਰ ਦੂਜੀ ਜਿੱਤ ਹੈ। ਇਸ ਫਤਿਹ ਨਾਲ ਭਾਰਤ ਸੁਪਰ-4 ਵੱਲ ਇਕ ਹੋਰ ਕਦਮ ਵਧਾ ਚੁੱਕਾ ਹੈ। ਟੀਮ ਦਾ ਅਗਲਾ ਮੁਕਾਬਲਾ 19 ਸਤੰਬਰ ਨੂੰ ਓਮਾਨ ਦੇ ਖ਼ਿਲਾਫ਼ ਹੋਵੇਗਾ।