ਚੰਡੀਗੜ੍ਹ :- ਸਥਾਨਕ ਪੁਲਿਸ ਵੱਲੋਂ ਨਸ਼ਾ ਤਸਕਰੀ ਵਿਰੁੱਧ ਵੱਡੀ ਕਾਰਵਾਈ ਕਰਦਿਆਂ ਦੋ ਅਜਿਹੀਆਂ ਲੜਕੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਿਹੜੀਆਂ ਪੰਜਾਬ ਦੇ ਬਾਰਡਰ ਇਲਾਕੇ ਤੋਂ ਹੈਰੋਇਨ ਲਿਆ ਕੇ ਮੋਹਾਲੀ ਤੇ ਚੰਡੀਗੜ੍ਹ ਦੇ ਕਾਲਜਾਂ ਦੇ ਨੇੜੇ ਤੇੜੇ ਨੌਜਵਾਨਾਂ ਤੱਕ ਪਹੁੰਚਾਉਣ ਦਾ ਕੰਮ ਕਰਦੀਆਂ ਸਨ। ਥਾਣਾ ਸਮਰਾਲਾ ਦੇ ਐਸਐਚਓ ਪਵਿੱਤਰ ਸਿੰਘ ਨੇ ਦੱਸਿਆ ਕਿ ਹੇਡੋ ਪੁਲਿਸ ਚੌਂਕੀ ਦੇ ਨੇੜੇ ਨਾਕਾਬੰਦੀ ਦੌਰਾਨ ਲੁਧਿਆਣਾ ਤੋਂ ਚੰਡੀਗੜ੍ਹ ਵੱਲ ਆ ਰਹੀ ਬੱਸ ਰੋਕ ਕੇ ਚੈਕਿੰਗ ਕੀਤੀ ਗਈ। ਇਸ ਦੌਰਾਨ ਦੋ ਲੜਕੀਆਂ ਪੁਲਿਸ ਨੂੰ ਵੇਖ ਕੇ ਫਰਾਰ ਹੋਣ ਲੱਗੀਆਂ, ਜਿਨ੍ਹਾਂ ਨੂੰ ਕੁਝ ਦੂਰ ਜਾਣ ’ਤੇ ਕਾਬੂ ਕਰ ਲਿਆ ਗਿਆ। ਤਲਾਸ਼ੀ ਦੌਰਾਨ ਇਹਨਾਂ ਕੋਲੋਂ 60 ਗ੍ਰਾਮ ਹੈਰੋਇਨ ਮਿਲੀ, ਜਿਸਦੀ ਅੰਤਰਰਾਸ਼ਟਰੀ ਕੀਮਤ ਲਗਭਗ 6 ਲੱਖ ਰੁਪਏ ਬਣਦੀ ਹੈ।
ਪਛਾਣ ਤੇ ਨਸ਼ੇ ਨਾਲ ਲਗਾਵ
ਪੁਲਿਸ ਅਨੁਸਾਰ, ਗ੍ਰਿਫਤਾਰ ਲੜਕੀਆਂ ਦੀ ਪਛਾਣ ਇਕਬਾਲ ਕੌਰ ਪੁੱਤਰੀ ਰਾਜਾ ਸਿੰਘ ਨਿਵਾਸੀ ਹਾਕਮ ਸਿੰਘ ਵਾਲਾ (ਬਠਿੰਡਾ) ਅਤੇ ਅਮਨਪ੍ਰੀਤ ਉਰਫ਼ ਅਨਾਮਿਕਾ ਪਤਨੀ ਹਰਪ੍ਰੀਤ ਸਿੰਘ ਵਾਸੀ ਬਰਨਾਲਾ ਵਜੋਂ ਹੋਈ ਹੈ। ਜਾਂਚ ਦੌਰਾਨ ਸਾਹਮਣੇ ਆਇਆ ਕਿ ਇਹ ਦੋਵੇਂ ਲੜਕੀਆਂ ਪਿਛਲੇ ਇੱਕ ਸਾਲ ਤੋਂ ਮੋਹਾਲੀ ਦੇ ਬਲੌਂਗੀ ਵਿੱਚ ਪੀਜੀ ਵਿੱਚ ਰਹਿ ਕੇ ਹੈਰੋਇਨ ਤਸਕਰੀ ਕਰ ਰਹੀਆਂ ਸਨ। ਦੋਵੇਂ ਖੁਦ ਵੀ ਹੈਰੋਇਨ ਦੀ ਆਦਤ ਕਾਰਨ ਨਸ਼ੇ ਵਿੱਚ ਡੁੱਬੀਆਂ ਹੋਈਆਂ ਹਨ।
ਨਸ਼ੇ ਕਾਰਨ ਹੋਏ ਤਲਾਕ
ਪੁਲਿਸ ਅਧਿਕਾਰੀਆਂ ਨੇ ਖੁਲਾਸਾ ਕੀਤਾ ਕਿ ਹੈਰੋਇਨ ਦੀ ਲੱਤ ਕਾਰਨ ਇਹਨਾਂ ਦੋਵਾਂ ਦੇ ਵਿਆਹ ਟੁੱਟ ਗਏ ਸਨ। ਤਲਾਕ ਤੋਂ ਬਾਅਦ ਇਹ ਦੋਵੇਂ ਮੋਹਾਲੀ ਵਿੱਚ ਇਕੱਠਿਆਂ ਰਹਿ ਕੇ ਨਸ਼ੇ ਦੀ ਤਸਕਰੀ ਦਾ ਧੰਦਾ ਚਲਾਉਣ ਲੱਗੀਆਂ।
ਐਸ਼ੋ-ਆਰਾਮ ਦੀ ਲਾਲਚ ਨੇ ਧੱਕਿਆ ਮਾੜੇ ਧੰਦੇ ਵੱਲ
ਐਸਐਚਓ ਪਵਿੱਤਰ ਸਿੰਘ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਇਹ ਵੀ ਸਾਹਮਣੇ ਆਇਆ ਹੈ ਕਿ ਇਹ ਲੜਕੀਆਂ ਲਗਜ਼ਰੀ ਜ਼ਿੰਦਗੀ ਦੀਆਂ ਸ਼ੌਕੀਨ ਸਨ। ਮਹਿੰਗੇ ਕੱਪੜੇ, ਐਸ਼ਪ੍ਰਸਤੀ ਅਤੇ ਹਾਈ ਪ੍ਰੋਫਾਈਲ ਜ਼ਿੰਦਗੀ ਦੀ ਖਾਹਸ਼ ਨੇ ਇਹਨਾਂ ਨੂੰ ਨਸ਼ਾ ਤਸਕਰੀ ਦੇ ਰਾਹ ’ਤੇ ਧੱਕ ਦਿੱਤਾ। ਨਸ਼ੇ ਦੀ ਆਦਤ ਪੈਣ ਨਾਲ ਇਹਨਾਂ ਦਾ ਖਰਚਾ ਹੋਰ ਵਧ ਗਿਆ, ਜਿਸਨੂੰ ਪੂਰਾ ਕਰਨ ਲਈ ਇਹਨਾਂ ਨੇ ਸਪਲਾਈ ਰੈਕੇਟ ਨਾਲ ਜੁੜਨਾ ਆਪਣੀ ਮਜਬੂਰੀ ਸਮਝਿਆ।