ਚੰਡੀਗੜ੍ਹ :- ਭਾਰਤ ਮੌਸਮ ਵਿਭਾਗ ਨੇ ਦੇਸ਼ ਭਰ ਲਈ ਨਵੀਂ ਮੌਸਮੀ ਚੇਤਾਵਨੀ ਜਾਰੀ ਕੀਤੀ ਹੈ। ਉੱਤਰ-ਪੂਰਬੀ ਰਾਜ ਅਸਾਮ, ਮੇਘਾਲਿਆ, ਨਾਗਾਲੈਂਡ ਅਤੇ ਅਰੁਣਾਚਲ ਪ੍ਰਦੇਸ਼ ਲਈ ਆਰੇਂਜ ਅਲਰਟ ਲਗਾਇਆ ਗਿਆ ਹੈ। ਇਨ੍ਹਾਂ ਖੇਤਰਾਂ ਵਿੱਚ ਆਉਣ ਵਾਲੇ ਦਿਨਾਂ ‘ਚ ਭਾਰੀ ਮੀਂਹ ਪੈਣ ਦੇ ਨਾਲ-ਨਾਲ ਤੇਜ਼ ਹਵਾਵਾਂ ਵੱਗਣ ਦੀ ਸੰਭਾਵਨਾ ਹੈ। ਬਿਹਾਰ ਅਤੇ ਪੱਛਮੀ ਬੰਗਾਲ ਦੇ ਕੁਝ ਹਿੱਸਿਆਂ ਨੂੰ ਵੀ ਖਰਾਬ ਮੌਸਮ ਦੇ ਖ਼ਤਰੇ ਵਿੱਚ ਸ਼ਾਮਲ ਕੀਤਾ ਗਿਆ ਹੈ।
ਮੱਧ ਭਾਰਤ ਵਿੱਚ ਯੈਲੋ ਅਲਰਟ
ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਦੇ ਵੱਡੇ ਹਿੱਸਿਆਂ ਲਈ ਯੈਲੋ ਅਲਰਟ ਜਾਰੀ ਹੋਇਆ ਹੈ। ਇੱਥੇ ਮੌਸਮ ਵਿਭਾਗ ਨੇ ਹਲਕੀ ਤੋਂ ਦਰਮਿਆਨੀ ਬਾਰਿਸ਼ ਦੀ ਸੰਭਾਵਨਾ ਜਤਾਈ ਹੈ। ਖੇਤੀਬਾੜੀ ਕਰ ਰਹੇ ਕਿਸਾਨਾਂ ਲਈ ਇਹ ਬਾਰਿਸ਼ ਲਾਭਕਾਰੀ ਹੋ ਸਕਦੀ ਹੈ, ਪਰ ਕੁਝ ਇਲਾਕਿਆਂ ਵਿੱਚ ਪਾਣੀ ਖੜ੍ਹਨ ਦੀ ਸਮੱਸਿਆ ਵੀ ਬਣ ਸਕਦੀ ਹੈ।
ਦੱਖਣੀ ਰਾਜਾਂ ਵਿੱਚ ਚੇਤਾਵਨੀ
ਕੇਰਲ, ਕਰਨਾਟਕ, ਤਾਮਿਲਨਾਡੂ ਅਤੇ ਆਂਧਰਾ ਪ੍ਰਦੇਸ਼ ਵਿੱਚ ਵੀ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਇੱਥੇ ਕੁਝ ਥਾਵਾਂ ‘ਤੇ ਭਾਰੀ ਮੀਂਹ ਦੇ ਨਾਲ ਬਿਜਲੀ ਕੌਂਦਣ ਅਤੇ ਤੇਜ਼ ਹਵਾਵਾਂ ਵੱਗਣ ਦੀ ਸੰਭਾਵਨਾ ਦੱਸੀ ਗਈ ਹੈ। ਮੌਸਮ ਵਿਭਾਗ ਨੇ ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ ਹੈ।
ਪੱਛਮੀ ਤੱਟੀ ਇਲਾਕਿਆਂ ਵਿੱਚ ਅਸਰ
ਗੁਜਰਾਤ ਅਤੇ ਮਹਾਰਾਸ਼ਟਰ ਦੇ ਤੱਟੀ ਇਲਾਕਿਆਂ ਵਿੱਚ ਮੌਸਮ ਦੇ ਪ੍ਰਭਾਵ ਨੂੰ ਧਿਆਨ ਵਿੱਚ ਰੱਖਦਿਆਂ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਖ਼ਾਸ ਕਰਕੇ ਸਮੁੰਦਰੀ ਹਿੱਸਿਆਂ ਵਿੱਚ ਭਾਰੀ ਬਾਰਿਸ਼ ਅਤੇ ਹਵਾਵਾਂ ਵੱਜਣ ਦੀ ਚੇਤਾਵਨੀ ਦਿੱਤੀ ਗਈ ਹੈ। ਮੱਛੀ ਮਾਰਾਂ ਨੂੰ ਵੀ ਸਮੁੰਦਰ ਵਿੱਚ ਨਾ ਜਾਣ ਦੀ ਸਲਾਹ ਦਿੱਤੀ ਗਈ ਹੈ।
ਉੱਤਰੀ ਰਾਜ ਫ਼ਿਲਹਾਲ ਸੁਰੱਖਿਅਤ
ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਦਿੱਲੀ-ਐਨਸੀਆਰ ਅਤੇ ਜੰਮੂ-ਕਸ਼ਮੀਰ ਲਈ ਇਸ ਵੇਲੇ ਕੋਈ ਵੱਡਾ ਖ਼ਤਰਾ ਨਹੀਂ ਹੈ। ਮੌਸਮ ਵਿਭਾਗ ਨੇ ਇਨ੍ਹਾਂ ਰਾਜਾਂ ਨੂੰ ਹਰੇ ਰੰਗ ਵਿੱਚ ਦਰਸਾਇਆ ਹੈ, ਜਿਸਦਾ ਅਰਥ ਹੈ ਕਿ ਫ਼ਿਲਹਾਲ ਇੱਥੇ ਮੌਸਮ ਸਧਾਰਣ ਰਹੇਗਾ।