ਲੁਧਿਆਣਾ :- ਲੁਧਿਆਣਾ ਦੇ ਪ੍ਰਸਿੱਧ ਸੋਸ਼ਲ ਮੀਡੀਆ ਇੰਨਫਲੂਐਂਸਰ ਅਤੇ ਜੁੱਤੀ ਕਾਰੋਬਾਰੀ ਹਨੀ ਸੇਠੀ ਦੀ ਕਾਰ ਉੱਤੇ ਬੀਤੀ ਰਾਤ ਹਮਲੇ ਦੀ ਘਟਨਾ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ, ਹਨੀ ਸੇਠੀ ਜਦੋਂ ਦੇਰ ਰਾਤ ਆਪਣੀ ਦੁਕਾਨ ਬੰਦ ਕਰਕੇ ਘਰ ਵੱਲ ਜਾ ਰਿਹਾ ਸੀ, ਤਾਂ ਦਿੱਲੀ ਹਾਈਵੇਅ ‘ਤੇ ਇੱਕ ਸਕਾਰਪੀਓ ਕਾਰ ਨੇ ਉਸਦੀ ਗੱਡੀ ਅੱਗੇ ਅਚਾਨਕ ਬ੍ਰੇਕ ਲਗਾ ਦਿੱਤੀ।
ਸਕਾਰਪੀਓ ਵਿੱਚੋਂ ਮੂੰਹ ‘ਤੇ ਕੱਪੜਾ ਬੰਨ੍ਹ ਕੇ ਇੱਕ ਹਥਿਆਰਬੰਦ ਵਿਅਕਤੀ ਬਾਹਰ ਨਿਕਲਿਆ ਅਤੇ ਹਨੀ ਸੇਠੀ ਦੀ ਕਾਰ ਦੇ ਅੱਗੇਲੇ ਸ਼ੀਸ਼ੇ ‘ਤੇ ਹਮਲਾ ਕਰ ਦਿੱਤਾ। ਹਾਲਾਂਕਿ ਹਨੀ ਸੇਠੀ ਨੇ ਤੁਰੰਤ ਗੱਡੀ ਮੌਕੇ ਤੋਂ ਭਜਾ ਲਈ ਅਤੇ ਕਿਸੇ ਵੱਡੇ ਨੁਕਸਾਨ ਤੋਂ ਬਚ ਗਿਆ।
ਡੈਸ਼ ਕੈਮ ਵਿੱਚ ਕੈਦ ਹੋਈ ਪੂਰੀ ਘਟਨਾ
ਹਨੀ ਸੇਠੀ ਦੀ ਕਾਰ ਵਿੱਚ ਲੱਗੇ ਡੈਸ਼ ਕੈਮ ਵਿੱਚ ਪੂਰੀ ਵਾਰਦਾਤ ਰਿਕਾਰਡ ਹੋ ਗਈ ਹੈ। ਉਸਨੇ ਦੋਰਾਹਾ ਪੁਲਿਸ ਸਟੇਸ਼ਨ ਪਹੁੰਚ ਕੇ ਸਾਰੀ ਘਟਨਾ ਦੀ ਸ਼ਿਕਾਇਤ ਦਰਜ ਕਰਵਾਈ।
ਹਨੀ ਦਾ ਕਹਿਣਾ ਹੈ ਕਿ ਕੁਝ ਲੋਕ ਪਿਛਲੇ ਕਈ ਦਿਨਾਂ ਤੋਂ ਉਸਦਾ ਪਿੱਛਾ ਕਰ ਰਹੇ ਸਨ। ਉਸਦੇ ਮੁਤਾਬਕ, ਇਹ ਹਮਲਾ ਸੋਚੇ-ਸਮਝੇ ਸਾਜ਼ਿਸ਼ੀ ਤਰੀਕੇ ਨਾਲ ਕੀਤਾ ਗਿਆ ਹੈ।
ਪ੍ਰਿੰਕਲ ਉੱਤੇ ਸ਼ੱਕ, ਪੁਲਿਸ ਵੱਲੋਂ ਜਾਂਚ ਸ਼ੁਰੂ
ਕੁਝ ਮੀਡੀਆ ਰਿਪੋਰਟਾਂ ਅਨੁਸਾਰ, ਹਨੀ ਸੇਠੀ ਨੇ ਪੁਲਿਸ ਅੱਗੇ ਸ਼ੱਕ ਜਤਾਇਆ ਹੈ ਕਿ ਗੁਰਵਿੰਦਰ ਸਿੰਘ ਪ੍ਰਿੰਕਲ ਨੇ ਆਪਣੇ ਸਾਥੀਆਂ ਨੂੰ ਉਸ ਉੱਤੇ ਹਮਲਾ ਕਰਨ ਲਈ ਭੇਜਿਆ। ਇਸ ਸੰਬੰਧੀ ਜਦੋਂ ਪ੍ਰਿੰਕਲ ਨੂੰ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਸਦਾ ਮੋਬਾਈਲ ਬੰਦ ਮਿਲਿਆ।
ਫਿਲਹਾਲ ਦੋਰਾਹਾ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਡੈਸ਼ ਕੈਮ ਫੁਟੇਜ ਨੂੰ ਵੀ ਸਬੂਤ ਵਜੋਂ ਖੰਗਾਲਿਆ ਜਾ ਰਿਹਾ ਹੈ।