ਬਠਿੰਡਾ :- ਜ਼ਿਲ੍ਹਾ ਬਠਿੰਡਾ ਦੇ ਪਿੰਡ ਜੀਦਾ ਵਿੱਚ ਹੋਏ ਧਮਾਕੇ ਦੀ ਜਾਂਚ ਦੌਰਾਨ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ। ਗ੍ਰਿਫ਼ਤਾਰ ਮੁਲਜ਼ਮ ਗੁਰਪ੍ਰੀਤ ਸਿੰਘ ਦੇ ਮੋਬਾਇਲ ਵਿਚੋਂ ਪਾਕਿਸਤਾਨੀ ਅੱਤਵਾਦੀਆਂ ਦੇ ਨੰਬਰ ਬਰਾਮਦ ਹੋਣ ਨਾਲ ਸੁਰੱਖਿਆ ਏਜੰਸੀਆਂ ਵਿਚ ਹਲਚਲ ਮਚ ਗਈ ਹੈ। ਮੋਬਾਇਲ ਡਾਟਾ ਵਿਚ ਜੈਸ਼-ਏ-ਮੁਹੰਮਦ ਮੁਖੀ ਮਸੂਦ ਅਜ਼ਹਰ ਅਹਿਮਦ ਦਾ ਸੰਪਰਕ ਨੰਬਰ ਮਿਲਣ ਤੋਂ ਬਾਅਦ ਉਸ ਦੇ ਆਈਐੱਸਆਈ ਨਾਲ ਸਿੱਧੇ ਰਿਸ਼ਤੇ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।
ਜੰਮੂ-ਕਸ਼ਮੀਰ ਜਾਣ ਦੀ ਯੋਜਨਾ, ਧਮਾਕੇ ਨੇ ਬਣਾਈ ਰੁਕਾਵਟ
ਖੁਫੀਆ ਸੂਤਰਾਂ ਮੁਤਾਬਕ ਗੁਰਪ੍ਰੀਤ ਜੰਮੂ-ਕਸ਼ਮੀਰ ਜਾਣ ਦੀ ਤਿਆਰੀ ਵਿੱਚ ਸੀ ਅਤੇ ਇਸ ਲਈ ਉਸ ਨੇ ਰੇਲ ਟਿਕਟ ਵੀ ਬੁੱਕ ਕਰਵਾ ਲਈ ਸੀ। ਪਰ ਉਸ ਤੋਂ ਪਹਿਲਾਂ ਹੀ ਪਿੰਡ ਵਿੱਚ ਬਲਾਸਟ ਹੋ ਗਿਆ। ਧਮਾਕੇ ਵਿੱਚ ਵਰਤੇ ਪਦਾਰਥ ਬਾਰੇ ਪੁਲਿਸ ਵੱਲੋਂ ਅਜੇ ਪੁਸ਼ਟੀ ਨਹੀਂ ਕੀਤੀ ਗਈ। ਜਾਂਚ ਅਧਿਕਾਰੀਆਂ ਨੇ ਕਿਹਾ ਹੈ ਕਿ ਇਹ ਆਰਡੀਐਕਸ ਸੀ ਜਾਂ ਹੋਰ ਕੋਈ ਧਮਾਕੇਜ਼ ਪਦਾਰਥ, ਇਸ ਬਾਰੇ ਸਪਸ਼ਟਤਾ ਲੈਬ ਟੈਸਟ ਰਿਪੋਰਟ ਤੋਂ ਬਾਅਦ ਹੀ ਹੋਵੇਗੀ।
ਚੁੱਪ-ਚਾਪ ਰਹਿਣ ਵਾਲੇ ਮੁਲਜ਼ਮ ’ਤੇ ਸੁਰੱਖਿਆ ਏਜੰਸੀਆਂ ਦੀ ਕੜੀ ਨਿਗਰਾਨੀ
ਪਿੰਡ ਵਾਸੀਆਂ ਅਨੁਸਾਰ ਗੁਰਪ੍ਰੀਤ ਸੁਭਾਅ ਨਾਲ ਬਹੁਤ ਚੁੱਪ-ਚਾਪ ਰਹਿੰਦਾ ਸੀ। ਉਹ ਨਾ ਤਾਂ ਗੁਆਂਢੀਆਂ ਨਾਲ ਜ਼ਿਆਦਾ ਗੱਲਬਾਤ ਕਰਦਾ ਸੀ ਅਤੇ ਨਾ ਹੀ ਕਾਲਜ ਜਾਂ ਇਲਾਕੇ ਵਿੱਚ ਉਸ ਦੇ ਨਜ਼ਦੀਕੀ ਦੋਸਤ ਸਨ। ਉਹ ਜ਼ਿਆਦਾਤਰ ਘਰ ਵਿਚ ਹੀ ਰਹਿੰਦਾ ਸੀ। ਹਾਲਾਂਕਿ ਪੁਲਿਸ ਨੇ ਅਜੇ ਤੱਕ ਅਧਿਕਾਰਕ ਪੁਸ਼ਟੀ ਨਹੀਂ ਕੀਤੀ, ਪਰ ਮਾਮਲੇ ਨੂੰ ਬਹੁਤ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ। ਖੁਫੀਆ ਏਜੰਸੀਆਂ ਵੱਲੋਂ ਲਗਾਤਾਰ ਪੁੱਛਗਿੱਛ ਜਾਰੀ ਹੈ ਤਾਂ ਜੋ ਪਾਕਿਸਤਾਨੀ ਅੱਤਵਾਦੀ ਜਾਲ ਨਾਲ ਉਸ ਦੇ ਸੰਬੰਧਾਂ ਦੀ ਪੂਰੀ ਜਾਂਚ ਕੀਤੀ ਜਾ ਸਕੇ। ਇਸ ਕੇਸ ਨੂੰ ਸਿਰਫ਼ ਪਿੰਡ ਪੱਧਰ ਦਾ ਨਹੀਂ, ਸਗੋਂ ਰਾਸ਼ਟਰੀ ਸੁਰੱਖਿਆ ਨਾਲ ਜੁੜਿਆ ਮਾਮਲਾ ਮੰਨਿਆ ਜਾ ਰਿਹਾ ਹੈ।