ਅਜਨਾਲਾ :- ਅਜਨਾਲਾ ਦੇ ਪਿੰਡ ਸੁਧਾਰ ਵਿੱਚ ਦਿਨ-ਦਿਹਾੜੇ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਭੰਗੂ ਹਸਪਤਾਲ ਦੇ ਮਾਲਕ ਡਾ. ਕੁਲਵਿੰਦਰ ਸਿੰਘ ’ਤੇ ਤਿੰਨ ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ। ਹਮਲੇ ਦੌਰਾਨ ਡਾਕਟਰ ਨੂੰ ਦੋ ਗੋਲੀਆਂ ਲੱਗੀਆਂ, ਜਿਸ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਏ। ਉਨ੍ਹਾਂ ਨੂੰ ਫ਼ੌਰੀ ਤੌਰ ’ਤੇ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਹਨਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।
ਦਵਾਈ ਲੈਣ ਦੇ ਬਹਾਨੇ ਹਮਲਾ, ਸੀਸੀਟੀਵੀ ਵਿੱਚ ਕੈਦ
ਚਸ਼ਮਦੀਦਾਂ ਦੇ ਬਿਆਨ ਮੁਤਾਬਕ ਤਿੰਨੋਂ ਹਮਲਾਵਰਾਂ ਵਿੱਚੋਂ ਦੋ ਹਸਪਤਾਲ ਅੰਦਰ ਦਾਖਲ ਹੋਏ, ਜਦਕਿ ਇੱਕ ਬਾਹਰ ਹੀ ਖੜਾ ਰਿਹਾ। ਦਵਾਈ ਲੈਣ ਦੇ ਬਹਾਨੇ ਡਾਕਟਰ ਦੇ ਨੇੜੇ ਪਹੁੰਚ ਕੇ ਉਨ੍ਹਾਂ ’ਤੇ ਗੋਲੀਆਂ ਚਲਾਈਆਂ ਗਈਆਂ। ਕੁੱਲ ਪੰਜ ਰਾਊਂਡ ਫ਼ਾਇਰ ਹੋਣ ਦੀ ਜਾਣਕਾਰੀ ਮਿਲੀ ਹੈ। ਇਹ ਸਾਰੀ ਘਟਨਾ ਹਸਪਤਾਲ ਦੇ ਸੀਸੀਟੀਵੀ ਕੈਮਰਿਆਂ ਵਿੱਚ ਰਿਕਾਰਡ ਹੋ ਗਈ, ਜਿਸਨੂੰ ਪੁਲਿਸ ਨੇ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ। ਹਮਲਾਵਰ ਵਾਰਦਾਤ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਏ।
ਪਰਿਵਾਰ ਨੇ ਲਾਪਰਵਾਹੀ ਦੇ ਦੋਸ਼ ਲਗਾਏ, ਇਲਾਕੇ ਵਿੱਚ ਤਣਾਅ
ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਅਧਿਕਾਰੀਆਂ ਨੇ ਭਰੋਸਾ ਦਿੱਤਾ ਹੈ ਕਿ ਗਵਾਹਾਂ ਅਤੇ ਸੀਸੀਟੀਵੀ ਦੇ ਅਧਾਰ ’ਤੇ ਜਲਦੀ ਹੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ। ਡਾਕਟਰ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਪਹਿਲਾਂ ਵੀ ਧਮਕੀਆਂ ਮਿਲੀਆਂ ਸਨ ਅਤੇ ਇੱਕ ਵਾਰ ਪਹਿਲਾਂ ਵੀ ਗੋਲੀ ਚਲਾਈ ਗਈ ਸੀ, ਪਰ ਪੁਲਿਸ ਨੇ ਸੁਰੱਖਿਆ ਪ੍ਰਬੰਧ ਮਜ਼ਬੂਤ ਨਹੀਂ ਕੀਤੇ। ਪਰਿਵਾਰ ਨੇ ਤੁਰੰਤ ਸਖ਼ਤ ਕਾਰਵਾਈ ਅਤੇ ਸੁਰੱਖਿਆ ਦੀ ਮੰਗ ਕੀਤੀ ਹੈ।
ਸਥਾਨਕ ਲੋਕਾਂ ਤੇ ਨੇਤਾਵਾਂ ਨੇ ਵੀ ਘਟਨਾ ਦੀ ਤਿੱਖੀ ਨਿੰਦਾ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਇਲਾਕਾ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਦੇ ਪ੍ਰਭਾਵ ਖੇਤਰ ਵਿੱਚ ਆਉਂਦਾ ਹੈ, ਜਿੱਥੇ ਪਿਛਲੇ ਕੁਝ ਸਮੇਂ ਤੋਂ ਫਿਰੌਤੀ ਤੇ ਗੋਲੀਬਾਰੀ ਦੀਆਂ ਘਟਨਾਵਾਂ ਵਧ ਰਹੀਆਂ ਹਨ। ਫਿਲਹਾਲ ਇਲਾਕੇ ਵਿੱਚ ਤਣਾਅ ਨੂੰ ਦੇਖਦੇ ਹੋਏ ਵਾਧੂ ਪੁਲਿਸ ਫੋਰਸ ਤੈਨਾਤ ਕੀਤੀ ਗਈ ਹੈ।