ਨਵੀਂ ਦਿੱਲੀ :- ਨੇਪਾਲ ’ਚ ਚੱਲ ਰਹੇ ਉਥਲ-ਪੁਥਲ ਭਰੇ ਮਾਹੌਲ ਦੌਰਾਨ ਵੀਰਵਾਰ ਨੂੰ ਇੱਕ ਬੱਸ, ਜਿਸ ’ਚ ਪਸ਼ੁਪਤਿਨਾਥ ਮੰਦਰ ਤੋਂ ਵਾਪਸ ਆ ਰਹੇ ਭਾਰਤੀ ਸ਼ਰਧਾਲੂ ਸਵਾਰ ਸਨ, ਨੂੰ ਪ੍ਰਦਰਸ਼ਨਕਾਰੀਆਂ ਵੱਲੋਂ ਨਿਸ਼ਾਨਾ ਬਣਾਇਆ ਗਿਆ। ਕਰੀਬ 49 ਯਾਤਰੀਆਂ ਨਾਲ ਭਰੀ ਇਸ ਬੱਸ ’ਤੇ ਪੱਥਰਬਾਜ਼ੀ ਕੀਤੀ ਗਈ, ਜਿਸ ਨਾਲ ਖਿੜਕੀਆਂ ਟੁੱਟ ਗਈਆਂ ਤੇ ਕਈ ਯਾਤਰੀਆਂ ਨੂੰ ਚੋਟਾਂ ਆਈਆਂ। ਜ਼ਖ਼ਮੀਆਂ ਵਿੱਚ ਮਹਿਲਾਵਾਂ ਅਤੇ ਬਜ਼ੁਰਗ ਵੀ ਸ਼ਾਮਲ ਹਨ।
ਸਮਾਨ ਵੀ ਖੋਇਆ, ਜਾਣ ਦੀਆਂ ਖ਼ਬਰਾਂ
ਅੱਖੀਂ-ਦੇਖੇ ਗਵਾਹਾਂ ਅਤੇ ਡਰਾਈਵਰ ਨੇ ਦਾਅਵਾ ਕੀਤਾ ਹੈ ਕਿ ਹਮਲੇ ਦੌਰਾਨ ਕੁਝ ਪ੍ਰਦਰਸ਼ਨਕਾਰੀਆਂ ਵੱਲੋਂ ਯਾਤਰੀਆਂ ਤੋਂ ਮੋਬਾਈਲ ਫੋਨ ਤੇ ਨਕਦ ਰਕਮ ਵੀ ਖੋਹੀ ਗਈ। ਹਾਲਾਂਕਿ ਇਸ ਦੀ ਅਧਿਕਾਰਤ ਪੁਸ਼ਟੀ ਨਹੀਂ ਹੋਈ।
ਹਮਲੇ ਦੀ ਥਾਂ ਨੂੰ ਲੈ ਕੇ ਉਲਝਣ
ਇਸ ਘਟਨਾ ਦੀ ਸਥਿਤੀ ਸਪਸ਼ਟ ਨਹੀਂ ਹੋ ਸਕੀ। ਕੁਝ ਰਿਪੋਰਟਾਂ ਇਸਨੂੰ ਕਾਠਮੰਡੂ ਨੇੜੇ ਦੱਸਦੀਆਂ ਹਨ ਜਦਕਿ ਹੋਰ ਖ਼ਬਰਾਂ ਮੁਤਾਬਕ ਹਮਲਾ ਸੋਨੌਲੀ ਸਰਹੱਦ ਦੇ ਕਰੀਬ ਹੋਇਆ। ਜ਼ਖ਼ਮੀਆਂ ਨੂੰ ਬਾਅਦ ਵਿੱਚ ਤਬੀ ਸਹਾਇਤਾ ਦਿੱਤੀ ਗਈ ਪਰ ਸਹੀ ਗਿਣਤੀ ਦਾ ਖੁਲਾਸਾ ਅਜੇ ਤੱਕ ਨਹੀਂ ਹੋ ਸਕਿਆ।
ਭਾਰਤੀ ਦੂਤਾਵਾਸ ਨੇ ਦਿੱਤਾ ਭਰੋਸਾ
ਕਾਠਮੰਡੂ ਸਥਿਤ ਭਾਰਤੀ ਦੂਤਾਵਾਸ ਨੇ ਨੇਪਾਲੀ ਅਧਿਕਾਰੀਆਂ ਨਾਲ ਸੰਪਰਕ ਕੀਤਾ ਹੈ ਅਤੇ ਸਾਰੇ ਪ੍ਰਭਾਵਿਤ ਯਾਤਰੀਆਂ ਨੂੰ ਪੂਰੀ ਸਹਾਇਤਾ ਦੇਣ ਦਾ ਭਰੋਸਾ ਦਿੱਤਾ ਹੈ। ਅਧਿਕਾਰੀਆਂ ਦੇ ਅਨੁਸਾਰ ਨੇਪਾਲ ਵਿੱਚ ਮੌਜੂਦ ਭਾਰਤੀ ਨਾਗਰਿਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਕਦਮ ਚੁੱਕੇ ਜਾ ਰਹੇ ਹਨ।
ਰਾਜਨੀਤਿਕ ਸੰਕਟ ਨੇ ਵਧਾਈ ਅਸਥਿਰਤਾ
ਨੇਪਾਲ ਵਿੱਚ ਰਾਜਨੀਤਿਕ ਡੈੱਡਲਾਕ ਅਤੇ ਲਗਾਤਾਰ ਚੱਲ ਰਹੇ ਵਿਰੋਧ ਪ੍ਰਦਰਸ਼ਨਾਂ ਨੇ ਕਈ ਹਿੱਸਿਆਂ ਵਿੱਚ ਆਮ ਜ਼ਿੰਦਗੀ ਪ੍ਰਭਾਵਿਤ ਕਰ ਦਿੱਤੀ ਹੈ। ਭਾਰਤੀ ਯਾਤਰੀਆਂ ਦੀ ਬੱਸ ’ਤੇ ਹਮਲੇ ਨਾਲ ਵਿਦੇਸ਼ੀ ਸੈਲਾਨੀਆਂ ਅਤੇ ਤੀਰਥ ਯਾਤਰੀਆਂ ਦੀ ਸੁਰੱਖਿਆ ਸਬੰਧੀ ਚਿੰਤਾਵਾਂ ਹੋਰ ਵਧ ਗਈਆਂ ਹਨ।