ਚੰਡੀਗੜ੍ਹ :- ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਹਾਈ ਲੈਵਲ ਮੀਟਿੰਗ ਕੀਤੀ ਗਈ, ਜਿਸ ਵਿੱਚ ਸੂਬੇ ’ਚ ਹੜ੍ਹਾਂ ਤੋਂ ਪ੍ਰਭਾਵਿਤ ਖੇਤਰਾਂ ’ਚ ਰਾਹਤ ਕਾਰਜਾਂ ਦਾ ਵਿਸਥਾਰ ਨਾਲ ਜਾਇਜ਼ਾ ਲਿਆ ਗਿਆ। ਮੁੱਖ ਮੰਤਰੀ ਨੇ ਸਪੱਸ਼ਟ ਕੀਤਾ ਕਿ ਹਰ ਇੱਕ ਹੜ੍ਹ ਪੀੜਤ ਨੂੰ ਮੁਆਵਜ਼ਾ ਮਿਲੇਗਾ ਅਤੇ ਸਾਰੇ ਖੇਤਰਾਂ ’ਚ ਸਪੈਸ਼ਲ ਗਿਰਦਾਵਰੀ ਕਰਵਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ।
ਮੁਆਵਜ਼ਾ: ਇਤਿਹਾਸਕ ਅਤੇ ਵਿਆਪਕ
ਮੁੱਖ ਮੰਤਰੀ ਮਾਨ ਨੇ ਕਿਹਾ ਕਿ ਇਹ ਪੰਜਾਬ ਦੇ ਇਤਿਹਾਸ ਵਿੱਚ ਦਿੱਤਾ ਜਾਣ ਵਾਲਾ ਸਭ ਤੋਂ ਵੱਡਾ ਮੁਆਵਜ਼ਾ ਹੈ। ਉਨ੍ਹਾਂ ਜ਼ਿਕਰ ਕੀਤਾ ਕਿ ਪਹਿਲਾਂ ਦੀਆਂ ਸਰਕਾਰਾਂ ਦੌਰਾਨ 25-40 ਰੁਪਏ ਦੇ ਚੈੱਕ ਵੀ ਦਿੱਤੇ ਗਏ, ਪਰ ਲੋਕਾਂ ਨੂੰ ਇਨ੍ਹਾਂ ਲਈ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਇਸ ਵਾਰ ਮੁਆਵਜ਼ਾ ਸਮੇਂ ’ਤੇ ਮਿਲਣਾ ਸਭ ਤੋਂ ਜ਼ਰੂਰੀ ਹੈ।
ਖੇਤਾਂ ਅਤੇ ਘਰਾਂ ਦੇ ਨੁਕਸਾਨ ਦਾ ਮੁਆਵਜ਼ਾ
ਮੁੱਖ ਮੰਤਰੀ ਨੇ ਦੱਸਿਆ ਕਿ ਜੇ ਕਿਸੇ ਫ਼ਸਲ ਨੂੰ ਨੁਕਸਾਨ ਹੋਇਆ ਤਾਂ 20 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਮਿਲੇਗਾ। ਜਿੱਥੇ 100 ਫ਼ੀਸਦੀ ਨੁਕਸਾਨ ਹੋਇਆ, ਉਥੇ ਇੱਕ ਮਹੀਨੇ ਦੇ ਅੰਦਰ ਪਹਿਲਾ ਚੈੱਕ ਜਾਰੀ ਕੀਤਾ ਜਾਵੇਗਾ। ਘਰਾਂ ਦੇ ਨੁਕਸਾਨ ਲਈ ਵੀ ਮੁਆਵਜ਼ਾ ਦਿੱਤਾ ਜਾਵੇਗਾ ਅਤੇ ਰਕਮ ਵਧਾਈ ਜਾਵੇਗੀ। ਐੱਸ. ਡੀ. ਆਰ. ਐੱਫ. ਦੇ ਮੁਆਵਜ਼ੇ 6800 ਰੁਪਏ ਤੋਂ ਵਧਾ ਕੇ 40 ਹਜ਼ਾਰ ਰੁਪਏ ਕੀਤੇ ਜਾਣਗੇ। ਜਿਹੜੇ ਪਸ਼ੂ ਹੜ੍ਹਾਂ ’ਚ ਮਰੇ ਹਨ, ਉਨ੍ਹਾਂ ਲਈ 37,500 ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇਗਾ।
ਸਖ਼ਤ ਨਿਗਰਾਨੀ ਅਤੇ ਜ਼ਿੰਮੇਵਾਰੀ
ਮੁੱਖ ਮੰਤਰੀ ਨੇ ਸਾਰੇ ਅਫ਼ਸਰਾਂ ਅਤੇ ਡਿਪਟੀ ਕਮਿਸ਼ਨਰਾਂ ਨੂੰ ਹਦਾਇਤ ਦਿੱਤੀ ਕਿ ਪਾਣੀ ਘੱਟ ਹੋਏ ਖੇਤਰਾਂ ’ਚ ਹਾਲਾਤ ਦਾ ਜਾਇਜ਼ਾ ਲਿਆ ਜਾਵੇ ਅਤੇ ਸਪੈਸ਼ਲ ਗਿਰਦਾਵਰੀਆਂ ਕਰਵਾਈਆਂ ਜਾਣ। ਕਿਸੇ ਵੀ ਅਧਿਕਾਰੀ ਵੱਲੋਂ ਢਿੱਲ ਜਾਂ ਬੇਈਮਾਨੀ ਹੋਣ ‘ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਪੀੜਤਾਂ ਲਈ ਤੁਰੰਤ ਕਾਰਵਾਈ
ਹੁਣ ਤੱਕ ਹੜ੍ਹਾਂ ਕਾਰਨ 55 ਮੌਤਾਂ ਦੀ ਪੁਸ਼ਟੀ ਹੋ ਚੁੱਕੀ ਹੈ ਅਤੇ 42 ਮ੍ਰਿਤਕਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਮਿਲ ਚੁੱਕਾ ਹੈ। ਮੁੱਖ ਮੰਤਰੀ ਨੇ ਪੰਜਾਬੀਆਂ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਆਫ਼ਤ ਦੇ ਸਮੇਂ ਪੀੜਤਾਂ ਦੀ ਮਦਦ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ। ਉਨ੍ਹਾਂ ਕਿਹਾ ਕਿ ਪੰਜਾਬੀਆਂ ਨੇ ਸਾਰੇ ਦੇਸ਼ ਨੂੰ ਦਿਖਾ ਦਿੱਤਾ ਕਿ ਮੁਸ਼ਕਲ ਸਮੇਂ ’ਚ ਪੰਜਾਬ ਕਿਵੇਂ ਸਹਾਇਤਾ ਲਈ ਖੜਾ ਰਹਿੰਦਾ ਹੈ।