ਹੁਸ਼ਿਆਰਪੁਰ :- ਜ਼ਿਲ੍ਹਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਵੱਲੋਂ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਵੱਖ-ਵੱਖ ਪਾਬੰਦੀਆਂ ਲਗਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ। ਹੁਕਮਾਂ ਅਨੁਸਾਰ, ਪ੍ਰੈਗਾਬਾਲਿਨ ਕੈਪਸੂਲਾਂ ਨੂੰ ਬਿਨਾਂ ਲਾਇਸੈਂਸ ਰੱਖਣਾ, ਮਨਜ਼ੂਰ ਸ਼ੁਦਾ ਮਾਤਰਾ ਤੋਂ ਵੱਧ ਸਟਾਕ ਰੱਖਣਾ ਜਾਂ ਬਿਨਾਂ ਡਾਕਟਰੀ ਨੁਸਖ਼ੇ ਤੋਂ ਵੇਚਣਾ ਸਖ਼ਤ ਮਨਾਹੀ ਹੋਵੇਗੀ।
ਹਥਿਆਰਾਂ ‘ਤੇ ਸਖ਼ਤੀ
ਜਾਰੀ ਹੁਕਮਾਂ ਅਨੁਸਾਰ, ਜ਼ਿਲ੍ਹੇ ਅੰਦਰ ਕੋਈ ਵੀ ਵਿਅਕਤੀ ਜਨਤਕ ਇਕੱਠ, ਧਾਰਮਿਕ ਅਸਥਾਨ, ਵਿਆਹ-ਸ਼ਾਦੀਆਂ ਜਾਂ ਕਿਸੇ ਵੀ ਹੋਰ ਸਮਾਗਮ ਵਿੱਚ ਹਥਿਆਰ ਲੈ ਕੇ ਨਹੀਂ ਜਾ ਸਕੇਗਾ। ਹਥਿਆਰਾਂ ਦੀ ਸੋਸ਼ਲ ਮੀਡੀਆ ‘ਤੇ ਪ੍ਰਦਰਸ਼ਨੀ ਕਰਨ ਅਤੇ ਹਥਿਆਰਾਂ ਜਾਂ ਹਿੰਸਾ ਦੀ ਵਡਿਆਈ ਵਾਲੇ ਗੀਤ ਵਜਾਉਣ ‘ਤੇ ਵੀ ਪੂਰੀ ਪਾਬੰਦੀ ਲਗਾ ਦਿੱਤੀ ਗਈ ਹੈ।
ਸਰਪੰਚਾਂ ਲਈ ਹਦਾਇਤਾਂ
ਜ਼ਿਲ੍ਹੇ ਦੇ ਸਮੂਹ ਪਿੰਡਾਂ ਦੇ ਸਰਪੰਚਾਂ ਨੂੰ ਆਦੇਸ਼ ਦਿੱਤਾ ਗਿਆ ਹੈ ਕਿ ਰਾਤ ਸਮੇਂ ਪਿੰਡਾਂ ਵਿੱਚ ਠੀਕਰੀ ਪਹਿਰੇ ਲਗਾਏ ਜਾਣ ਤਾਂ ਜੋ ਭੈੜੇ ਅਨਸਰਾਂ ਵੱਲੋਂ ਕੋਈ ਅਣਚਾਹੀ ਘਟਨਾ ਨਾ ਵਾਪਰੇ।
ਹੁੱਕਾ ਬਾਰ ਅਤੇ ਸੀਮਨ ਸਟੋਰੇਜ ‘ਤੇ ਰੋਕ
ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਗੈਰ-ਕਾਨੂੰਨੀ ਹੁੱਕਾ ਬਾਰ ਚਲਾਉਣ ‘ਤੇ ਪੂਰੀ ਪਾਬੰਦੀ ਹੋਵੇਗੀ। ਪ੍ਰਸ਼ਾਸਨ ਦਾ ਕਹਿਣਾ ਹੈ ਕਿ ਅਜਿਹੇ ਬਾਰਾਂ ਵਿੱਚ ਤੰਬਾਕੂ, ਸਿਗਰੇਟ ਅਤੇ ਸਰੀਰ ਲਈ ਹਾਨੀਕਾਰਕ ਕੈਮੀਕਲ ਵਰਤੇ ਜਾਂਦੇ ਹਨ। ਇਸੇ ਤਰ੍ਹਾਂ, ਜ਼ਿਲ੍ਹੇ ਵਿੱਚ ਸੀਮਨ ਦਾ ਗੈਰ-ਅਧਿਕਾਰਤ ਸਟੋਰੇਜ, ਟਰਾਂਸਪੋਰਟ, ਵਰਤੋਂ ਜਾਂ ਵਿਕਰੀ ‘ਤੇ ਵੀ ਪਾਬੰਦੀ ਰਹੇਗੀ। ਹਾਲਾਂਕਿ, ਇਹ ਰੋਕ ਵੈਟਰਨਰੀ ਹਸਪਤਾਲਾਂ, ਪਸ਼ੂ ਪਾਲਣ ਵਿਭਾਗ ਦੀਆਂ ਮਨਜ਼ੂਰ ਸ਼ੁਦਾ ਸੰਸਥਾਵਾਂ ਅਤੇ ਪ੍ਰੋਗਰੈਸਿਵ ਡੇਅਰੀ ਫਾਰਮਰਾਂ ‘ਤੇ ਲਾਗੂ ਨਹੀਂ ਹੋਵੇਗੀ, ਜਿਹੜੇ ਆਪਣੇ ਪਸ਼ੂਆਂ ਲਈ ਬੋਵਾਇਨ ਸੀਮਨ ਇੰਪੋਰਟ ਕਰਦੇ ਹਨ।
ਮਿਆਦ ਅਤੇ ਕਾਰਵਾਈ
ਇਹ ਪਾਬੰਦੀਆਂ 7 ਨਵੰਬਰ 2025 ਤੱਕ ਲਾਗੂ ਰਹਿਣਗੀਆਂ। ਹੁਕਮਾਂ ਦੀ ਉਲੰਘਣਾ ਕਰਨ ਵਾਲੇ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।