ਅੰਮ੍ਰਿਤਸਰ :- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕੰਨਿਆਕੁਮਾਰੀ ਦੇ ਸਵਾਮੀਥੋਪੂ ਸਥਿਤ ਅੱਯਾਵਲ਼ੀ ਭਾਈਚਾਰੇ ਦੇ ਮੁੱਖ ਕੇਂਦਰ ਦਾ ਦੌਰਾ ਕਰਕੇ ਉਨ੍ਹਾਂ ਨਾਲ ਇਕਜੁੱਟਤਾ ਪ੍ਰਗਟਾਈ। ਇਸ ਮੌਕੇ ਉਨ੍ਹਾਂ ਦੀ ਮੁਲਾਕਾਤ ਅੱਯਾਵਲ਼ੀ ਮੁਖੀ ਬਾਲਾ ਪ੍ਰਜਾਪਤੀ ਆਦਿਕਲਾਰ ਨਾਲ ਹੋਈ।
ਆਸ਼ਰਮ ਦੌਰਾ ਤੇ ਇਤਿਹਾਸਕ ਹੱਥਲਿਖਤਾਂ ਦਾ ਦਰਸ਼ਨ
ਬਾਲਾ ਪ੍ਰਜਾਪਤੀ ਵੱਲੋਂ ਜਥੇਦਾਰ ਗੜਗੱਜ ਨੂੰ ਸਨਮਾਨਿਤ ਕੀਤਾ ਗਿਆ। ਉਨ੍ਹਾਂ ਨੇ ਆਸ਼ਰਮ ਦਾ ਦੌਰਾ ਕੀਤਾ ਅਤੇ ਅਯਾ ਵਾਏਕੁੰਡਰ ਦੇ ਘਰ ਨਾਲ ਨਾਲ ਤਾੜ ਦੇ ਪੱਤਿਆਂ ‘ਤੇ ਲਿਖੀਆਂ ਤਾਮਿਲ ਭਾਸ਼ਾ ਦੀਆਂ ਪੁਰਾਤਨ ਹੱਥਲਿਖਤਾਂ ਵੀ ਵੇਖੀਆਂ। ਇਸ ਤੋਂ ਇਲਾਵਾ, ਜਥੇਦਾਰ ਨੇ ਅੱਯਾਵਲ਼ੀ ਭਾਈਚਾਰੇ ਦੇ ਖੂਹ ਤੋਂ ਜਲ ਛਕਿਆ ਅਤੇ ਸਥਾਨਕ ਰਵਾਇਤੀ ਭੋਜਨ ਦਾ ਸੁਆਦ ਵੀ ਚੱਖਿਆ।
ਭੇਦਭਾਵ ਵਿਰੁੱਧ ਅਵਾਜ਼ ਤੇ ਨੰਗੇਲੀ ਦੀ ਕੁਰਬਾਨੀ
ਮੀਡੀਆ ਨਾਲ ਗੱਲਬਾਤ ਦੌਰਾਨ ਜਥੇਦਾਰ ਗੜਗੱਜ ਨੇ ਕਿਹਾ ਕਿ ਅੱਯਾਵਲ਼ੀ ਭਾਈਚਾਰਾ ਪਿਛਲੇ ਸਮੇਂ ਵਿਚ ਗੰਭੀਰ ਭੇਦਭਾਵ ਅਤੇ ਅੱਤਿਆਚਾਰਾਂ ਦਾ ਸ਼ਿਕਾਰ ਰਿਹਾ ਹੈ। ਉਨ੍ਹਾਂ ਕਿਹਾ ਕਿ ਔਰਤਾਂ ਨੂੰ ਛਾਤੀ ਦੇ ਅਕਾਰ ਅਨੁਸਾਰ ਟੈਕਸ ਦੇਣ ਲਈ ਮਜਬੂਰ ਕੀਤਾ ਜਾਂਦਾ ਸੀ, ਜਿਸ ਵਿਰੁੱਧ ਨੰਗੇਲੀ ਨਾਮਕ ਮਹਿਲਾ ਨੇ ਆਵਾਜ਼ ਬੁਲੰਦ ਕੀਤੀ ਅਤੇ ਉਸ ਦੀ ਕੁਰਬਾਨੀ ਨਾਲ ਇਹ ਅੱਤਿਆਚਾਰ ਖਤਮ ਹੋਏ।
ਸਿੱਖ ਗੁਰੂਆਂ ਨਾਲ ਸਮਾਨਤਾਵਾਂ
ਜਥੇਦਾਰ ਗੜਗੱਜ ਨੇ ਕਿਹਾ ਕਿ ਸਿੱਖ ਗੁਰੂਆਂ ਨੇ ਵੀ ਪੰਜ ਸਦੀਆਂ ਪਹਿਲਾਂ ਜਾਤ-ਪਾਤ, ਛੂਤਛਾਤ ਅਤੇ ਭੇਦਭਾਵ ਖ਼ਿਲਾਫ਼ ਆਵਾਜ਼ ਉਠਾਈ ਸੀ। ਉਨ੍ਹਾਂ ਮਹਿਸੂਸ ਕੀਤਾ ਕਿ ਅੱਯਾਵਲ਼ੀ ਭਾਈਚਾਰੇ ਅਤੇ ਸਿੱਖ ਧਰਮ ਵਿੱਚ ਕਈ ਸਮਾਨਤਾਵਾਂ ਹਨ—ਦਸਤਾਰ ਸਜਾਉਣ, ਕੇਸਾਂ ਦੀ ਸੰਭਾਲ, ਸਾਂਝੇ ਖੂਹ ਤੋਂ ਬਿਨਾਂ ਭੇਦਭਾਵ ਦੇ ਜਲ ਵਰਤਣਾ ਅਤੇ ਪਿਆਰ ਤੇ ਸਮਾਨਤਾ ਦੇ ਸਿਧਾਂਤ। ਉਨ੍ਹਾਂ ਯਾਦ ਦਿਵਾਇਆ ਕਿ ਗੁਰੂ ਨਾਨਕ ਦੇਵ ਜੀ ਆਪਣੀਆਂ ਉਦਾਸੀਆਂ ਦੌਰਾਨ ਇਸ ਦੱਖਣੀ ਖੇਤਰ ਵਿਚ ਵੀ ਆਏ ਸਨ ਅਤੇ ਇਥੋਂ ਦੀਆਂ ਲੋਕ ਪਰੰਪਰਾਵਾਂ ਨੇ ਗੁਰੂਆਂ ਦੀਆਂ ਸਿੱਖਿਆਵਾਂ ਨੂੰ ਸਵੀਕਾਰਿਆ।
ਅਕਾਲ ਤਖ਼ਤ ਸਾਹਿਬ ਦੇ ਦਰਸ਼ਨ ਲਈ ਸੱਦਾ
ਜਥੇਦਾਰ ਗੜਗੱਜ ਨੇ ਬਾਲਾ ਪ੍ਰਜਾਪਤੀ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਲਈ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਅਸੀਂ ਅੱਗੇ ਵੀ ਭਾਈਚਾਰੇਕ ਸਾਂਝੇ ਸਿਧਾਂਤਾਂ ਅਤੇ ਸਿੱਖਿਆਵਾਂ ਬਾਰੇ ਹੋਰ ਗਹਿਰਾਈ ਨਾਲ ਚਰਚਾ ਕਰਾਂਗੇ।
ਇਸ ਮੌਕੇ ਤਾਮਿਲ ਸਿੱਖ ਅਤੇ ਸੁਪਰੀਮ ਕੋਰਟ ਦੇ ਵਕੀਲ ਜੀਵਨ ਸਿੰਘ, ਬਰਜਿੰਦਰ ਸਿੰਘ ਹੁਸੈਨਪੁਰ, ਵੀਜੀਆਰ ਨਾਰਾਗੋਨੀ, ਸੇਲਵਾ ਸਿੰਘ, ਜਸਕਰਨ ਸਿੰਘ ਅਤੇ ਸਥਾਨਕ ਭਾਈਚਾਰਾ ਵੀ ਹਾਜ਼ਰ ਸੀ।