ਸਮਰਾਲਾ :- ਸਮਰਾਲਾ ਦੇ ਪਿੰਡ ਸ੍ਰੀ ਝਾੜ ਸਾਹਿਬ ਵਿਖੇ ਸੁਸ਼ੋਭਿਤ ਕਾਰ ਸੇਵਾ ਗੁਰਦੁਆਰਾ ਸਾਹਿਬ ਵਿੱਚ ਕੱਲ੍ਹ ਦੇਰ ਸ਼ਾਮ ਵੱਡਾ ਹਾਦਸਾ ਵਾਪਰਿਆ। ਜਾਣਕਾਰੀ ਮੁਤਾਬਕ, ਬਿਜਲੀ ਦੀ ਤਾਰਾਂ ਦੇ ਸ਼ਾਰਟ ਸਰਕਟ ਕਾਰਨ ਸੱਚਖੰਡ ਸਾਹਿਬ ਵਿੱਚ ਅੱਗ ਲੱਗੀ। ਅੱਗ ਇੰਨੀ ਤੇਜ਼ੀ ਨਾਲ ਫੈਲੀ ਕਿ ਏਸੀ ਦਾ ਕੰਪਰੈਸ਼ਰ ਫੱਟ ਗਿਆ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਤਿੰਨ ਪਾਵਨ ਸਰੂਪ ਅਗਨ ਭੇਟ ਹੋ ਗਏ।
ਐਸ. ਜੀ. ਪੀ. ਸੀ. ਮੈਂਬਰ ਤੇ ਸੰਗਤ ਮੌਕੇ ‘ਤੇ ਪਹੁੰਚੀ
ਘਟਨਾ ਦੀ ਸੂਚਨਾ ਮਿਲਦੇ ਹੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਹਰਜਤਿੰਦਰ ਸਿੰਘ ਬਾਜਵਾ ਅਤੇ ਸ਼੍ਰੋਮਣੀ ਪ੍ਰਬੰਧਕ ਕਮੇਟੀ ਦੇ ਹੋਰ ਮੈਂਬਰ ਮੌਕੇ ‘ਤੇ ਪਹੁੰਚੇ। ਉਨ੍ਹਾਂ ਨੇ ਸਭ ਤੋਂ ਪਹਿਲਾਂ ਪਾਵਨ ਸਰੂਪਾਂ ਨੂੰ ਸੰਭਾਲਿਆ। ਸਾਰੀ ਰਾਤ ਸੰਗਤ ਗੁਰਦੁਆਰਾ ਸਾਹਿਬ ਵਿੱਚ ਇਕੱਠੀ ਰਹੀ ਅਤੇ ਜਾਪ ਸਾਹਿਬ ਦੇ ਪਾਠ ਕਰਦੀ ਰਹੀ।
ਸ਼੍ਰੋਮਣੀ ਕਮੇਟੀ ਵੱਲੋਂ ਮਰਿਆਦਾ ਅਨੁਸਾਰ ਸੰਭਾਲ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਅਤੇ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਮੈਨੇਜਰ ਨੂੰ ਇਸ ਬਾਰੇ ਤੁਰੰਤ ਜਾਣਕਾਰੀ ਦਿੱਤੀ ਗਈ। ਉਸ ਤੋਂ ਬਾਅਦ ਪੰਜ ਸਿੰਘ ਸਾਹਿਬਾਨਾਂ ਨੂੰ ਡਿਊਟੀ ‘ਤੇ ਲਾਇਆ ਗਿਆ, ਜਿਨ੍ਹਾਂ ਨੇ ਪੂਰੀ ਗੁਰੂ ਮਰਿਆਦਾ ਅਨੁਸਾਰ ਪਾਵਨ ਸਰੂਪਾਂ ਨੂੰ ਸੰਭਾਲਿਆ। ਅੱਜ ਸਵੇਰੇ ਇਹ ਸਰੂਪ ਸਤਿਕਾਰ ਸਹਿਤ ਗੋਇੰਦਵਾਲ ਸਾਹਿਬ ਰਵਾਨਾ ਕੀਤੇ ਗਏ।
ਸ਼ਾਂਤੀ ਬਰਕਰਾਰ ਰੱਖਣ ਦੀ ਅਪੀਲ
ਮੌਕੇ ‘ਤੇ ਪਹੁੰਚੇ ਗੁਰਦੁਆਰਾ ਕਮੇਟੀ ਮੈਂਬਰਾਂ ਨੇ ਕਿਹਾ ਕਿ ਇਹ ਬਹੁਤ ਹੀ ਦੁਖਦ ਘਟਨਾ ਹੈ। ਸੰਗਤ ਬੜੀ ਮਾਨਸਿਕ ਪੀੜਾ ਵਿੱਚ ਹੈ। ਉਨ੍ਹਾਂ ਨੇ ਅਪੀਲ ਕੀਤੀ ਕਿ ਸੰਗਤ ਆਪਸ ਵਿੱਚ ਸ਼ਾਂਤੀ ਬਣਾਈ ਰੱਖੇ ਅਤੇ ਕੋਈ ਵੀ ਗਲਤ ਅਫ਼ਵਾਹ ਨਾ ਫੈਲਾਏ।