ਅੰਮ੍ਰਿਤਸਰ :- ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਡਰੱਗ ਮਾਫੀਆ ਦੇ ਖ਼ਿਲਾਫ਼ ਵੱਡਾ ਆਪਰੇਸ਼ਨ ਚਲਾਉਂਦਿਆਂ ਕ੍ਰਾਸ-ਬਾਰਡਰ ਹੈਰੋਇਨ ਸਮਗਲਿੰਗ ਨੈੱਟਵਰਕ ਨੂੰ ਬੇਨਕਾਬ ਕੀਤਾ ਹੈ। ਇਸ ਕਾਰਵਾਈ ਵਿੱਚ ਕੁੱਲ 9 ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ 20 ਕਿਲੋ 194 ਗ੍ਰਾਮ ਹੈਰੋਇਨ, ਇੱਕ ਪਿਸਟਲ ਤੇ ਮੈਗਜ਼ੀਨ ਵੀ ਕਬਜ਼ੇ ਵਿੱਚ ਲਿਆ ਗਿਆ ਹੈ।
ਗੁਰਸੇਵਕ ਸਿੰਘ ਦੀ ਗ੍ਰਿਫ਼ਤਾਰੀ ਤੋਂ ਮਿਲੇ ਸੁਰਾਗ
ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਸ਼ੁਰੂਆਤੀ ਪੜਾਅ ਵਿੱਚ 5 ਸਮੱਗਲਰ ਗ੍ਰਿਫ਼ਤਾਰ ਕਰਕੇ 8.187 ਕਿਲੋ ਹੈਰੋਇਨ ਬਰਾਮਦ ਹੋਈ ਸੀ। ਹੋਰ ਜਾਂਚ ਦੌਰਾਨ ਗੁਰਸੇਵਕ ਸਿੰਘ ਤੋਂ ਖੁਲਾਸੇ ਮਿਲੇ, ਜਿਸ ਤੋਂ ਬਾਅਦ ਗੁਰਭੇਜ ਸਿੰਘ ਅਤੇ ਉਸਦਾ ਪੁੱਤਰ ਗੁਰਦਿੱਤ ਸਿੰਘ ਵੀ ਕਾਬੂ ਕੀਤੇ ਗਏ। ਇਹ ਦੋਵੇਂ ਤਰਨਤਾਰਨ ਇਲਾਕੇ ਵਿੱਚ ਪਾਕਿਸਤਾਨੀ ਸਮਗਲਰ ‘ਪਠਾਣ’ ਨਾਲ ਸਿੱਧਾ ਸੰਪਰਕ ਰੱਖਦੇ ਸਨ।
ਵਾੜੇ ਵਿੱਚੋਂ 10 ਕਿਲੋ ਹੈਰੋਇਨ ਬਰਾਮਦ
ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਗੁਰਭੇਜ ਸਿੰਘ ਦੇ ਘਰ ਵਿੱਚੋਂ 10 ਕਿਲੋ ਹੈਰੋਇਨ ਇੱਕ ਮੱਝਾਂ ਵਾਲੇ ਵਾੜੇ ਵਿੱਚ ਖੋਦ ਕੇ ਪਲਾਸਟਿਕ ਦੇ ਡੱਬੇ ਵਿੱਚ ਦੱਬੀ ਹੋਈ ਮਿਲੀ। ਇਸ ਗਿਰੋਹ ਵਿੱਚ ਮਲਕੀਤ ਸਿੰਘ ਵੀ ਸ਼ਾਮਲ ਸੀ ਜੋ ਆਪਣੇ ਖੇਤਾਂ ਰਾਹੀਂ ਸਮਗਲਰਾਂ ਨਾਲ ਕੋਆਰਡੀਨੇਸ਼ਨ ਕਰਦਾ ਸੀ। ਇਹ ਨੈੱਟਵਰਕ ਮੁੱਖ ਤੌਰ ‘ਤੇ ਤਰਨਤਾਰਨ ਅਤੇ ਅੰਮ੍ਰਿਤਸਰ ਦੇ ਕੋਟਲੀ ਸਾਕਾ ਖੇਤਰ ਤੋਂ ਐਕਟਿਵ ਸੀ।
ਅਜਨਾਲਾ ਤੋਂ ਗੁਰਜੀਤ ਸਿੰਘ ਵੀ ਗ੍ਰਿਫ਼ਤਾਰ
ਪੁਲਿਸ ਪੁੱਛਗਿੱਛ ਦੌਰਾਨ ਅਜਨਾਲਾ ਖੇਤਰ ਦੇ ਗੁਰਜੀਤ ਸਿੰਘ ਨੂੰ ਵੀ ਕਾਬੂ ਕੀਤਾ ਗਿਆ। ਉਸਦੀ ਨਿਸ਼ਾਨਦੇਹੀ ‘ਤੇ 2.06 ਕਿਲੋ ਹੈਰੋਇਨ, ਇੱਕ .30 ਬੋਰ ਪਿਸਟਲ ਅਤੇ ਮੈਗਜ਼ੀਨ ਬਰਾਮਦ ਹੋਏ। ਪਿਸਟਲ ਉਸਨੇ ਆਪਣੇ ਬਿਸਤਰੇ ਹੇਠਾਂ ਲੁਕਾ ਰੱਖਿਆ ਸੀ। ਪੁਲਿਸ ਮੁਤਾਬਕ, ਗੁਰਜੀਤ ਸਿੰਘ ਸਿਰਫ਼ ਹੈਰੋਇਨ ਸਮਗਲਿੰਗ ਹੀ ਨਹੀਂ ਕਰਦਾ ਸੀ, ਸਗੋਂ ਹਥਿਆਰਾਂ ਅਤੇ ਹਵਾਲਾ ਨੈੱਟਵਰਕ ਨਾਲ ਵੀ ਜੁੜਿਆ ਹੋਇਆ ਸੀ।
ਹੜ੍ਹ ਦੇ ਬਾਅਦ ਤਰਨਤਾਰਨ ਰਾਹੀਂ ਐਕਟੀਵੇਟ ਕੀਤਾ ਨੈੱਟਵਰਕ
ਗੁਰਪ੍ਰੀਤ ਸਿੰਘ ਭੁੱਲਰ ਨੇ ਕਿਹਾ ਕਿ ਇਹ ਕੇਸ ਦਰਸਾਉਂਦਾ ਹੈ ਕਿ ਹਾਲੀਆ ਹੜ੍ਹ ਕਾਰਨ ਸਮਗਲਰਾਂ ਨੇ ਅਜਨਾਲਾ ਸੈਕਟਰ ਤੋਂ ਇਲਾਵਾ ਤਰਨਤਾਰਨ ਰਾਹੀਂ ਆਪਣੀਆਂ ਗਤੀਵਿਧੀਆਂ ਤੇਜ਼ ਕਰ ਲਈਆਂ ਸਨ। ਪੁਲਿਸ ਵੱਲੋਂ ਜਾਂਚ ਹੋਰ ਅੱਗੇ ਵਧਾਈ ਜਾ ਰਹੀ ਹੈ ਅਤੇ ਗਿਰੋਹ ਦੇ ਹੋਰ ਮੈਂਬਰਾਂ ਦੀ ਭਾਲ ਜਾਰੀ ਹੈ।