ਗੁਰਦਾਸਪੁਰ :- ਗੁਰਦਾਸਪੁਰ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਬਿਮਾਰੀਆਂ ਦੇ ਨਾਲ-ਨਾਲ ਹੁਣ ਸੱਪਾਂ ਦਾ ਖਤਰਾ ਵੀ ਤੇਜ਼ੀ ਨਾਲ ਵਧ ਰਿਹਾ ਹੈ। ਤਾਜ਼ਾ ਅੰਕੜਿਆਂ ਮੁਤਾਬਕ, ਜ਼ਿਲ੍ਹੇ ਅੰਦਰ ਸੱਪ ਡੱਸਣ ਦੇ ਕੁੱਲ 37 ਮਾਮਲੇ ਸਾਹਮਣੇ ਆਏ ਹਨ। ਖੁਸ਼ਕਿਸਮਤੀ ਨਾਲ ਸਾਰੇ ਮਰੀਜ਼ਾਂ ਦਾ ਇਲਾਜ ਸਫਲ ਰਿਹਾ ਹੈ ਅਤੇ ਉਨ੍ਹਾਂ ਨੂੰ ਹਸਪਤਾਲਾਂ ਤੋਂ ਛੁੱਟੀ ਦਿੱਤੀ ਜਾ ਚੁੱਕੀ ਹੈ।
ਸਭ ਤੋਂ ਵੱਧ ਕੇਸ ਕਲਾਨੌਰ ਤੋਂ
ਸਿਵਿਲ ਸਰਜਨ ਗੁਰਦਾਸਪੁਰ ਡਾ. ਜਸਵਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਹੜ੍ਹ ਦਾ ਸਭ ਤੋਂ ਵੱਧ ਅਸਰ ਕਲਾਨੌਰ ਇਲਾਕੇ ਵਿੱਚ ਹੋਇਆ, ਜਿੱਥੇ ਸੱਪ ਡੱਸਣ ਦੇ 24 ਮਾਮਲੇ ਸਾਹਮਣੇ ਆਏ। ਇਸ ਤੋਂ ਇਲਾਵਾ 6 ਮਾਮਲੇ ਗੁਰਦਾਸਪੁਰ ਤੋਂ ਅਤੇ 1 ਕੇਸ ਡੇਰਾ ਬਾਬਾ ਨਾਨਕ ਤੋਂ ਰਿਪੋਰਟ ਹੋਇਆ। ਇਸ ਤਰ੍ਹਾਂ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚੋਂ ਕੁੱਲ 31 ਮਾਮਲੇ ਦਰਜ ਕੀਤੇ ਗਏ ਹਨ, ਜਦਕਿ ਹੋਰ ਇਲਾਕਿਆਂ ਤੋਂ 6 ਵੱਖ-ਵੱਖ ਕੇਸ ਸਾਹਮਣੇ ਆਏ ਹਨ।
ਇਲਾਜ ਲਈ ਐਂਟੀ ਵੈਨਮ ਦੀ ਪੂਰੀ ਤਿਆਰੀ
ਡਾ. ਜਸਵਿੰਦਰ ਸਿੰਘ ਨੇ ਦੱਸਿਆ ਕਿ ਸੱਪ ਡੱਸਣ ਵਾਲੇ ਸਾਰੇ ਮਰੀਜ਼ਾਂ ਨੂੰ ਸਮੇਂ ਸਿਰ ਐਂਟੀ ਵੈਨਮ ਇੰਜੈਕਸ਼ਨ ਦਿੱਤਾ ਗਿਆ, ਜਿਸ ਨਾਲ ਉਨ੍ਹਾਂ ਦੀ ਜ਼ਿੰਦਗੀ ਬਚ ਗਈ। ਇਸ ਵੇਲੇ ਸਿਵਿਲ ਹਸਪਤਾਲ ਵਿੱਚ ਐਂਟੀ ਵੈਨਮ ਦੀਆਂ 1100 ਤੋਂ ਵੱਧ ਖੁਰਾਕਾਂ ਮੌਜੂਦ ਹਨ, ਇਸ ਲਈ ਲੋਕਾਂ ਨੂੰ ਘਬਰਾਉਣ ਦੀ ਕੋਈ ਲੋੜ ਨਹੀਂ ਹੈ।
ਲੋਕਾਂ ਲਈ ਸਾਵਧਾਨੀ ਦੀ ਅਪੀਲ
ਸਿਵਿਲ ਸਰਜਨ ਨੇ ਅਪੀਲ ਕੀਤੀ ਕਿ ਜੇਕਰ ਕਿਸੇ ਨੂੰ ਸੱਪ ਡੱਸੇ ਤਾਂ ਤੁਰੰਤ ਨੇੜਲੇ ਸਿਹਤ ਕੇਂਦਰ ਨੂੰ ਸੂਚਿਤ ਕੀਤਾ ਜਾਵੇ, ਤਾਂ ਜੋ ਸਮੇਂ ਸਿਰ ਇਲਾਜ ਕੀਤਾ ਜਾ ਸਕੇ। ਉਨ੍ਹਾਂ ਚੇਤਾਵਨੀ ਦਿੱਤੀ ਕਿ ਪਾਣੀ ਦੇ ਹਟਣ ਤੋਂ ਬਾਅਦ ਸੱਪਾਂ ਦੀ ਗਤੀਵਿਧੀ ਹੋਰ ਵੱਧ ਸਕਦੀ ਹੈ, ਇਸ ਲਈ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਰਹਿਣ ਵਾਲੇ ਲੋਕ ਵਿਸ਼ੇਸ਼ ਸਾਵਧਾਨੀ ਬਰਤਣ।