ਚੰਡੀਗੜ੍ਹ :- ਪੰਜਾਬ ਪੁਲਿਸ ਦੇ ਬਹਾਦਰ ਅਧਿਕਾਰੀ ਤੇ ਐਨਕਾਊਂਟਰ ਸਪੈਸ਼ਲਿਸਟ ਡੀਐਸਪੀ ਬਿਕਰਮਜੀਤ ਸਿੰਘ ਬਰਾੜ ਨੂੰ ਗੈਂਗਸਟਰ ਮਾਨ ਘਣਸ਼ਿਆਮਪੁਰੀਆ ਵੱਲੋਂ ਖ਼ਤਰਨਾਕ ਧਮਕੀ ਦਿੱਤੀ ਗਈ ਹੈ। ਗੈਂਗਸਟਰ ਦੀ ਇਹ ਆਡੀਓ ਕਲਿੱਪ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਬਰਾੜ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ।
ਆਡੀਓ ਵਿੱਚ ਕੀ ਕਿਹਾ ਗਿਆ?
ਆਡੀਓ ਰਿਕਾਰਡਿੰਗ ਵਿੱਚ ਘਣਸ਼ਿਆਮਪੁਰੀਆ ਨੇ ਡੀਐਸਪੀ ਬਰਾੜ ਨੂੰ ਸਿੱਧੀ ਚੇਤਾਵਨੀ ਦਿੱਤੀ ਕਿ ਉਹ ਉਸਦੇ ਪਰਿਵਾਰ ਨੂੰ ਤੰਗ ਕਰਨ ਅਤੇ ਉਸਦੇ ਭਰਾਵਾਂ ਨੂੰ ਨਕਲੀ ਮੁਕਾਬਲੇ ਵਿੱਚ ਮਾਰਨ ਲਈ ਜ਼ਿੰਮੇਵਾਰ ਹੈ। ਗੈਂਗਸਟਰ ਨੇ ਖੁੱਲ੍ਹੇ ਸ਼ਬਦਾਂ ਵਿੱਚ ਕਿਹਾ ਕਿ ਲੋੜ ਪੈਣ ‘ਤੇ ਉਹ ਸਰਹੱਦ ਪਾਰ ਕਰਕੇ ਪੰਜਾਬ ਆਏਗਾ ਅਤੇ ਡੀਐਸਪੀ ਨੂੰ ਮਾਰ ਦੇਵੇਗਾ। ਉਸਨੇ ਇਹ ਵੀ ਦਾਅਵਾ ਕੀਤਾ ਕਿ ਉਸਨੂੰ ਪਾਸਪੋਰਟ ਜਾਂ ਵਿਦੇਸ਼ ਜਾਣ ਦੀ ਕੋਈ ਲਾਲਸਾ ਨਹੀਂ, ਉਹ ਪੰਜਾਬ ਵਿੱਚ ਹੀ ਰਹਿ ਕੇ ਆਪਣਾ ਹਿਸਾਬ ਚੁਕਤ ਕਰੇਗਾ।
ਡੇਰਾਬੱਸੀ ਵਿੱਚ ਤਾਇਨਾਤ, AGTF ਦਾ ਵਾਧੂ ਚਾਰਜ
ਡੀਐਸਪੀ ਬਰਾੜ ਇਸ ਵੇਲੇ ਮੋਹਾਲੀ ਦੇ ਡੇਰਾਬੱਸੀ ‘ਚ ਤਾਇਨਾਤ ਹਨ ਅਤੇ ਉਨ੍ਹਾਂ ਕੋਲ ਐਂਟੀ ਗੈਂਗਸਟਰ ਟਾਸਕ ਫੋਰਸ (AGTF) ਦਾ ਵਾਧੂ ਚਾਰਜ ਵੀ ਹੈ। ਉਹ ਆਪਣੇ ਕਾਰਜਕਾਲ ਦੌਰਾਨ ਕਈ ਵੱਡੇ ਗੈਂਗਸਟਰਾਂ ਦੇ ਐਨਕਾਊਂਟਰ ਕਰ ਚੁੱਕੇ ਹਨ। ਉਨ੍ਹਾਂ ਨੂੰ ਬਹਾਦਰੀ ਲਈ 5 ਤਗਮੇ ਵੀ ਮਿਲ ਚੁੱਕੇ ਹਨ।
ਪਹਿਲਾਂ ਵੀ ਮਿਲ ਚੁੱਕੀਆਂ ਧਮਕੀਆਂ
ਇਸ ਤੋਂ ਪਹਿਲਾਂ ਵਿਦੇਸ਼ ‘ਚ ਬੈਠਾ ਗੈਂਗਸਟਰ ਗੋਲਡੀ ਬਰਾੜ ਵੀ ਡੀਐਸਪੀ ਬਰਾੜ ਨੂੰ ਮਾਰਨ ਦੀ ਚੇਤਾਵਨੀ ਦੇ ਚੁੱਕਾ ਹੈ। ਉਸ ਸਮੇਂ ਵੀ ਡੀਐਸਪੀ ਨੇ ਟੈਲੀਫ਼ੋਨ ‘ਤੇ ਸਿੱਧਾ ਜਵਾਬ ਦੇ ਕੇ ਚਰਚਾ ਬਣਾਈ ਸੀ ਅਤੇ ਉਸਦੀ ਗੱਲਬਾਤ ਦੀ ਆਡੀਓ ਕਲਿੱਪ ਵਾਇਰਲ ਹੋਈ ਸੀ। ਹੁਣ ਘਣਸ਼ਿਆਮਪੁਰੀਆ ਦੀ ਆਡੀਓ ਨੇ ਸੁਰੱਖਿਆ ਏਜੰਸੀਆਂ ਨੂੰ ਚੌਕੰਨਾ ਕਰ ਦਿੱਤਾ ਹੈ।
ਸੁਰੱਖਿਆ ਹੋਰ ਵਧਾਈ ਗਈ
ਪੰਜਾਬ ਪੁਲਿਸ ਨੇ ਇਸ ਨਵੀਂ ਧਮਕੀ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਡੀਐਸਪੀ ਬਰਾੜ ਦੀ ਸੁਰੱਖਿਆ ਵਧਾ ਦਿੱਤੀ ਹੈ। ਉੱਚ ਅਧਿਕਾਰੀ ਮਾਮਲੇ ‘ਤੇ ਨਜ਼ਰ ਰੱਖੇ ਹੋਏ ਹਨ, ਤਾਂ ਜੋ ਕਿਸੇ ਵੀ ਸੰਭਾਵੀ ਹਮਲੇ ਤੋਂ ਬਚਿਆ ਜਾ ਸਕੇ।