ਸ੍ਰੀ ਮੁਕਤਸਰ ਸਾਹਿਬ :- ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਵੜਿੰਗ ਲੱਗੇ ਟੋਲ ਪਲਾਜਾ ‘ਤੇ ਅੱਜ ਸਵੇਰੇ ਭਾਰੀ ਪੁਲਿਸ ਬਲ ਪੂਰੀ ਤਿਆਰੀ ਨਾਲ ਤਾਇਨਾਤ ਕੀਤਾ ਗਿਆ। ਇੱਥੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵੱਲੋਂ ਲਗਾਇਆ ਧਰਨਾ ਪੁਲਿਸ ਨੇ ਹਟਾ ਦਿੱਤਾ। ਇਸ ਦੌਰਾਨ ਵਾਟਰ ਕੈਨਨ ਵਾਲੀਆਂ ਗੱਡੀਆਂ, ਗ੍ਰਿਫ਼ਤਾਰੀ ਬੱਸਾਂ ਅਤੇ ਹੋਰ ਸੁਰੱਖਿਆ ਪ੍ਰਬੰਧ ਵੀ ਤਿਆਰ ਰੱਖੇ ਗਏ ਸਨ।
ਕਿਸਾਨਾਂ ਨੂੰ ਹਿਰਾਸਤ ਵਿੱਚ ਲਿਆ ਗਿਆ
ਪੁਲਿਸ ਕਾਰਵਾਈ ਦੌਰਾਨ ਕਿਸਾਨਾਂ ਨੂੰ ਹਿਰਾਸਤ ਵਿੱਚ ਲੈ ਕੇ ਧਰਨਾ ਸਥਲ ਤੋਂ ਹਟਾ ਦਿੱਤਾ ਗਿਆ। ਹਾਲਾਂਕਿ ਇਹ ਸਪਸ਼ਟ ਨਹੀਂ ਹੋ ਸਕਿਆ ਕਿ ਹਿਰਾਸਤ ਵਿੱਚ ਲਏ ਗਏ ਕਿਸਾਨਾਂ ਨੂੰ ਕਿੱਥੇ ਲਿਜਾਇਆ ਗਿਆ ਹੈ। ਧਰਨਾ ਚੁਕਾਉਣ ਤੋਂ ਬਾਅਦ ਟਰੈਕਟਰ-ਟਰਾਲੀਆਂ, ਮੋਟਰਸਾਈਕਲਾਂ ਅਤੇ ਕਿਸਾਨਾਂ ਦਾ ਸਮਾਨ ਵੀ ਪੁਲਿਸ ਨੇ ਕਬਜ਼ੇ ਵਿੱਚ ਕਰ ਲਿਆ।
ਟੋਲ ਪਲਾਜਾ ‘ਤੇ ਪੁਰਾਣਾ ਵਿਵਾਦ
ਦੱਸ ਦਈਏ ਕਿ ਵੜਿੰਗ ਟੋਲ ਪਲਾਜਾ ‘ਤੇ ਕਿਸਾਨ ਲੰਮੇ ਸਮੇਂ ਤੋਂ ਧਰਨੇ ਕਰਦੇ ਆ ਰਹੇ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਟੋਲ ਪਲਾਜਾ ਕੰਪਨੀ ਨੇ ਜੁੜਵਾ ਨਹਿਰਾਂ ‘ਤੇ ਪੁਲ ਬਣਾਉਣ ਦਾ ਵਾਅਦਾ ਕੀਤਾ ਸੀ, ਜੋ ਅਜੇ ਤੱਕ ਪੂਰਾ ਨਹੀਂ ਕੀਤਾ ਗਿਆ। ਪਹਿਲਾਂ ਵੀ ਡਕਾਉਂਦਾ ਕਿਸਾਨ ਯੂਨੀਅਨ ਵੱਲੋਂ ਇੱਥੇ ਲਗਭਗ ਦੋ ਸਾਲ ਧਰਨਾ ਲਾਇਆ ਗਿਆ ਸੀ ਜੋ ਲਿਖਤੀ ਸਮਝੌਤੇ ਤੋਂ ਬਾਅਦ ਚੁੱਕਿਆ ਗਿਆ ਸੀ। ਪਰ ਹੁਣ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵੱਲੋਂ ਮੁੜ ਪੱਕਾ ਮੋਰਚਾ ਸ਼ੁਰੂ ਕੀਤਾ ਗਿਆ।
ਪਿੰਡ ਵਾਸੀਆਂ ਨਾਲ ਵੀ ਹੋਈ ਤਕਰਾਰ
ਧਰਨਾ ਦੌਰਾਨ ਪਿੰਡ ਵਾਸੀ ਵੀ ਕਿਸਾਨ ਯੂਨੀਅਨ ਦੇ ਵਿਰੋਧ ਵਿੱਚ ਆ ਖੜ੍ਹੇ ਹੋਏ ਸਨ। ਕੁਝ ਸਮੇਂ ਲਈ ਹਾਲਾਤ ਤਣਾਅਪੂਰਨ ਬਣ ਗਏ ਸਨ ਪਰ ਬਾਅਦ ਵਿੱਚ ਮਾਹੌਲ ਸ਼ਾਂਤ ਹੋ ਗਿਆ। ਹਾਲਾਂਕਿ ਕਿਸਾਨਾਂ ਨੇ ਫਿਰ ਤੋਂ ਪੱਕਾ ਮੋਰਚਾ ਲਗਾ ਦਿੱਤਾ ਸੀ।
ਪੁਰਾਣੇ ਸਮਝੌਤੇ ਦੀ ਜਾਂਚ
ਅੱਜ ਸਵੇਰੇ ਜਦੋਂ ਪੁਲਿਸ ਨੇ ਡਕਾਉਂਦਾ ਕਿਸਾਨ ਯੂਨੀਅਨ ਦੇ ਪ੍ਰਤੀਨਿਧੀਆਂ ਨੂੰ ਮੌਕੇ ‘ਤੇ ਬੁਲਾਇਆ ਅਤੇ ਪੁਰਾਣੇ ਸਮਝੌਤੇ ਦੀ ਜਾਂਚ ਕੀਤੀ, ਉਸ ਤੋਂ ਬਾਅਦ ਧਰਨਾ ਹਟਾਉਣ ਦੀ ਕਾਰਵਾਈ ਕੀਤੀ ਗਈ।
ਹਾਲਾਤ ਤਣਾਅਪੂਰਨ ਪਰ ਟਕਰਾਅ ਨਹੀਂ
ਧਰਨਾ ਚੁਕਾਉਣ ਤੋਂ ਬਾਅਦ ਟੋਲ ਪਲਾਜਾ ਨੂੰ ਪੂਰੀ ਤਰ੍ਹਾਂ ਖਾਲੀ ਕਰਵਾ ਦਿੱਤਾ ਗਿਆ। ਭਾਰੀ ਪੁਲਿਸ ਬਲ ਦੀ ਮੌਜੂਦਗੀ ਕਾਰਨ ਮੌਕੇ ‘ਤੇ ਤਣਾਅਪੂਰਨ ਮਾਹੌਲ ਰਿਹਾ ਪਰ ਕਿਸੇ ਵੱਡੇ ਟਕਰਾਅ ਦੀ ਖ਼ਬਰ ਨਹੀਂ ਆਈ।